ਲੁਧਿਆਣਾ (ਲਿਕੇਸ ਸ਼ਰਮਾ-ਭੰਗੂ) ਲੋਹਾਰਾ ਸਥਿਤ ਸਿਮਰਨ ਪੈਲੇਸ ਨੇੜੇ ਇਕ ਕਾਰ ਚਾਲਕ ਨਾਲ ਦੋ ਨੌਜਵਾਨਾਂ ਦਾ ਝਗੜਾ ਹੋਇਆ। ਦੇਖਦੇ ਹੀ ਦੇਖਦੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਦੇਰ ਰਾਤ ਹੋਈ ਵਾਰਦਾਤ ’ਚ ਕਾਰ ਸਵਾਰ 32 ਸਾਲਾ ਕੁਲਦੀਪ ਸਿੰਘ ਕੋਹਲੀ ਦੇ ਪੈਰ ’ਚ ਗੋਲ਼ੀ ਲੱਗੀ ਹੈ। ਉਸ ਨੂੰ ਜ਼ਖ਼ਮੀ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਡੀਐੱਮਸੀ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪਿੱਪਲ ਚੌਕ ਗਿਆਸਪੁਰਾ ਨੇੜੇ ਜਿਮ ਦਾ ਸੰਚਾਲਕ ਹੈ। ਦੇਰ ਰਾਤ ਉਹ ਜਿਮ ’ਚੋਂ ਨਿਕਲਿਆ ਸੀ। ਥੋੜ੍ਹੀ ਦੂਰੀ ’ਤੇ ਦੋ ਨੌਜਵਾਨਾਂ ਨੇ ਉਸ ਦੀ ਗੱਡੀ ਅੱਗੇ ਮੋਟਰਸਾਈਕਲ ਲਗਾ ਦਿੱਤਾ। ਜਦ ਕੁਲਦੀਪ ਕਾਰ ’ਚੋਂ ਉਤਰ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗਾ ਤਾਂ ਉਨ੍ਹਾਂ ਫਾਇਰਿੰਗ ਕਰ ਦਿੱਤੀ। ਕੁਲਦੀਪ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਗੋਲ਼ੀ ਉਸ ਦੇ ਪੈਰ ’ਚ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕੁੱਲ 8-10 ਫਾਇਰ ਕੀਤੇ ਗਏ। ਲੋਕਾਂ ਨੇ ਫੱਟੜ ਨੂੰ ਸਿਵਲ ਹਸਪਤਾਲ ਪਹੁੰਚਾਇਆ।