ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਰਨਗੇ ਸ਼ਿਰਕਤ
ਜਗਰਾਉਂ, 6 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )- ਨਾਟ ਕਲਾ ਕੇਂਦਰ ਜਗਰਾਉਂ ਤੇ ਬਾਮਸੇਫ (ਸਾਹਿਬ ਸ੍ਰੀ ਕਾਂਸ਼ੀ ਰਾਮ) ਵਲੋਂ ਸਾਂਝੇ ਤੌਰ ‘ਤੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਡਾ. ਅੰਬੇਦਕਰ ਭਵਨ ਜਗਰਾਉਂ ਵਿਖੇ ਆਯੋਜਨ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਲੋਕ ਪੱਖੀ ਨਾਟਕਾਂ ਦੇ ਨਾਂ ਰਿਹਾ। ਜਿਸ ਦੀ ਸ਼ੁਰੂਆਤ ਮਨੀ ਹਠੂਰ ਨੇ ਧਾਰਮਿਕ ਗੀਤ ਰਾਹੀਂ ਕੀਤੀ। ਸਰਕਾਰੀ ਸੈਕੰਡਰੀ ਸਕੂਲ ਲੱਖਾ ਦੇ ਵਿਦਿਆਰਥੀਆਂ ਨੇ ਨਿਰਦੇਸ਼ਕ ਸਰਦੂਲ ਸਿੰਘ ਲੱਖਾ ਦੀ ਅਗਵਾਈ ਹੇਠ ਅਜੋਕੇ ਰਾਜਨੀਤਕ ਸਿਸਟਮ ‘ਤੇ ਕਟਾਸ ਕਰਦਾ ਨਾਟਕ ‘ਭੇਡਾਂ’ ਪੇਸ਼ ਕੀਤਾ। ਜਿਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ। ਇਸੇ ਤਰ੍ਹਾਂ ਹੀ ਉੱਘੇ ਨਾਟਕਕਾਰ ਮੋਹੀ ਅਮਰਜੀਤ ਦੀ ਨਿਰਦੇਸ਼ਨਾ ਹੇਠ ਬਾਲ ਨਾਟਕ ‘ਪੰਛੀ ਬੋਲਣ ਮਿੱਠੜੇ ਬੋਲ’ ਰਾਹੀਂ ਕੁਦਰਤੀ ਸਰੋਤਾਂ ਨੂੰ ਸਾਂਭਣ ਦਾ ਸੱਦਾ ਦਿੱਤਾ। ਇਸ ਦੌਰਾਨ ਉੱਘੇ ਕਵੀ ਪ੍ਰਸ਼ੋਤਮ ਪੱਤੋ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਭਾਸ਼ਾ ਦੇ ਹਿੱਤ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਵਿਆਖਿਆ ਕੀਤੀ ਤੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਲੇਖਕ ਸਭਾ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਜਾ ਰਹੀ ਹੈ। ਨਾਟ ਕਲਾ ਕੇਂਦਰ ਜਗਰਾਉਂ ਦੇ ਪ੍ਰਧਾਨ ਮੋਹੀ ਅਮਰਜੀਤ ਨੇ ਕਿਹਾ ਕਿ ਨਾਟ ਕਲਾ ਕੇਂਦਰ ਜਗਰਾਉਂ ਨਾਟ ਕਲਾ ਰਾਹੀਂ ਸਮਾਜ ਅੰਦਰ ਫ਼ੈਲੀਆਂ ਕੁਰੀਤੀਆਂ ਖ਼ਿਲਾਫ਼ ਲਗਾਤਾਰ ਲੜਾਈ ਲੜੀ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਪਰਮਦੀਪ ਸਿੰਘ, ਰਛਪਾਲ ਸਿੰਘ ਗਾਲਿਬ ਅਤੇ ਸੁਖਜੀਤ ਸਲੇਮਜੀਤ ਸਿੰਘ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਚੱਲ ਰਹੇ ਦੋ ਰੋਜ਼ਾ ਸਮਾਗਮ ਦੇ ਦੂਜੇ ਦਿਨ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ 07 ਦਸੰਬਰ ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਡਾ.ਅੰਬੇਦਕਰ ਭਵਨ ਜਗਰਾਉਂ (ਨੇੜੇ ਨਾਨਕਸਰ) ਵਿਖੇ ਪਹੁੰਚ ਰਹੇ ਹਨ। ਇਸ ਮੌਕੇ ਇਲਾਕੇ ਦੇ ਬਹੁਜਨ ਸਮਾਜ ਦੇ ਲੋਕ, ਪੰਚਾਇਤਾਂ, ਕਲੱਬਾਂ ਅਤੇ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ। ਇਸ ਮੌਕੇ ਡਾ.ਪਰਮਦੀਪ ਸਿੰਘ, ਰਛਪਾਲ ਸਿੰਘ ਗਾਲਿਬ, ਸੁਖਵਿੰਦਰ ਸਿੰਘ ਭੱਟੀ, ਸੁਖਜੀਤ ਸਿੰਘ ਸਲੇਮਪੁਰੀ, ਪ੍ਰਿੰ.ਸਰਬਜੀਤ ਸਿੰਘ ਭੱਟੀ, ਬਲਦੇਵ ਸਿੰਘ, ਕੁਲਦੀਪ ਸਿੰਘ ਦੌਧਰ, ਪ੍ਰੋ.ਕਰਮ ਸਿੰਘ ਸੰਧੂ, ਅਮਰਜੀਤ ਅਮਨ, ਸਰਦੂਲ ਸਿੰਘ ਲੱਖਾ, ਪ੍ਰੇਮ ਸਿੰਘ ਲੋਹਟ, ਲਖਵਿੰਦਰ ਸਿੰਘ ਘਮਨੇਵਾਲ, ਗੁਰਮੇਲ ਸਿੰਘ ਬੋਡੇ, ਕਰਮਜੀਤ ਕੌਰ, ਇਕਬਾਲ ਸਿੰਘ ਮੂਰਤੀਕਾਰ ਅਤੇ ਡਾ.ਗੁਰਪ੍ਰਤਾਪ ਸਿੰਘ ਆਦਿ ਹਾਜ਼ਰ ਸਨ।ਮੰਚ ਦਾ ਸੰਚਾਲਨ ਕੁਲਦੀਪ ਸਿੰਘ ਲੋਹਟ ਨੇ ਬਾਖੂਬੀ ਕੀਤਾ।