Home ਖੇਤੀਬਾੜੀ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੁਸ਼ਕਾਬਾਦ ਦੇ ਅਗਾਂਹਵਧੂ ਕਿਸਾਨ ਦਵਿੰਦਰ ਸਿੰਘ ਦਾ ਵਿਸ਼ੇਸ਼...

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੁਸ਼ਕਾਬਾਦ ਦੇ ਅਗਾਂਹਵਧੂ ਕਿਸਾਨ ਦਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

65
0

– ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਕੀਤੀ ਜਾਂਦੀ ਹੈ ਫਸਲਾਂ ਦੀ ਕਾਸ਼ਤ
ਲੁਧਿਆਣਾ, 22 ਅਕਤੂਬਰ ( ਰਿਤੇਸ਼ ਭੱਟ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਪਿੰਡ ਮੁਸ਼ਕਾਬਾਦ ਤਹਿਸੀਲ ਸਮਰਾਲਾ ਦੇ ਅਗਾਂਹਵਧੂ ਕਿਸਾਨ ਦਵਿੰਦਰ ਸਿੰਘ ਮਸ਼ਕਾਬਾਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਟਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਐਸ.ਡੀ.ਐਮ. ਸਮਰਾਲਾ ਸ੍ਰੀ ਕੁਲਦੀਪ ਬਾਵਾ ਅਤੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਅਮਨਜੀਤ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਅਧੀਨ ਸ. ਦਵਿੰਦਰ ਸਿੰਘ ਮੁਸ਼ਕਾਬਾਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਵੱਲੋਂ ਕਿਸਾਨ ਦਵਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਹੈ ਅਤੇ ਕਿਸਾਨ ਵੱਲੋਂ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਰਲਾ ਕੇ ਜਿੱਥੇ ਵਾਤਾਵਰਨ ਸਾਫ ਰੱਖਣ ਵਿੱਚ ਯੋਗਦਾਨ ਪਾਇਆ ਹੈ ਉੱਥੇ ਹੀ ਆਪਣੇ ਖੇਤਾਂ ਦੀ ਮਿੱਟੀ ਨੂੰ ਹੋਰ ਉਪਜਾਊ ਬਣਾਇਆ ਹੈ। ਕਿਸਾਨ ਵੱਲੋਂ ਫਸਲੀ ਵਿਭਿੰਨਤਾ ਅਪਨਾਉਣ ਵਿੱਚ ਵੀ ਮੋਹਰੀ ਯੋਗਦਾਨ ਪਾਇਆ ਜਾ ਰਿਹਾ ਹੈ।

ਡਾ. ਅਮਨਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਜਦੋਂ ਕਿਸਾਨੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਹੈ ਤਾਂ ਇਨ੍ਹਾਂ ਵੱਲੋਂ ਮਿਸਾਲ ਕੀਤੀ ਕੀਤੀ ਗਈ ਹੈ ਕਿ ਮਿਹਨਤ ਨਾਲ ਕਿਸਾਨੀ ਕਿੱਤਾ ਵੀ ਲਾਹੇਵੰਦ ਬਣਾਇਆ ਜਾ ਸਕਦਾ ਹੈ।
ਸ੍ਰੀ ਦਵਿੰਦਰ ਸਿੰਘ ਮੁਸ਼ਕਾਬਾਦ ਵੱਲੋਂ ਦੱਸਿਆ ਗਿਆ ਕਿ ਉਸ ਵਲੋਂ ਲਗਾਤਾਰ ਕਈ ਸਾਲਾਂ ਤੋਂ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਇਆ ਜਾ ਰਿਹਾ ਹੈ, ਜਿਸ ਦੇ ਪ੍ਰਤੱਖ ਨਤੀਜੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਮਿੱਟੀ ਵਿੱਚ ਜੈਵਿਕ ਮਾਦੇ ਦਾ ਵਾਧਾ ਹੋਣਾ, ਮਿੱਟੀ ਦਾ ਪੀ.ਐਚ. ਲੈਵਲ ਬੈਲੇਂਸ ਹੋਣਾ ਅਤੇ ਖਾਦਾਂ ਦੀ ਖਪਤ ਘਟਣਾ ਪ੍ਰਮੁੱਖ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਵੀ ਬਹੁਤ ਵਧੀ ਹੈ।
ਉਨ੍ਹਾਂ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸਾਂਭਣ ਤਾਂ ਜੋ ਵਾਤਾਵਰਨ ਅਤੇ ਮਿੱਟੀ ਦੀ ਸਿਹਤ ਬਚਾਈ ਜਾ ਸਕੇ। ਉਹਨਾਂ ਕਿਸਾਨਾਂ ਨੂੰ ਪਿੰਡ ਮੁਸ਼ਕਾਬਾਦ ਵਿਖੇ ਸਥਾਪਿਤ  ਆਧੁਨਿਕ ਫਾਰਮ ‘ਫਾਰਮਰ ਐਗਰੀ ਮਾਰਟ’ ਵਿਖੇ ਦੌਰਾ ਕਰਨ ਦੀ ਵੀ ਅਪੀਲ ਕੀਤੀ।
ਇਸ ਤੋਂ ਇਲਾਵਾ ਸ. ਦਵਿੰਦਰ ਸਿੰਘ ਮੁਸ਼ਕਾਬਾਦ ਵੱਲੋਂ ਫਸਲ ਬੀਜਣ ਤੋਂ ਮੰਡੀਕਰਨ ਤੱਕ ਦਾ ਇੱਕ ਢਾਂਚਾ ਤਿਆਰ ਕੀਤਾ ਗਿਆ ਹੈ ਅਤੇ ਮਿੱਟੀ ਦੀ ਲੋੜ ਅਨੁਸਾਰ ਖਾਦਾਂ ਅਤੇ ਹੋਰ ਲਘੂਤੱਤਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਦੀ 15 ਤੋਂ 20 ਫੀਸਦ ਉਪਜ ਵਿੱਚ ਵਾਧਾ ਕੀਤਾ ਗਿਆ ਹੈ।
ਕਿਸਾਨ ਦਵਿੰਦਰ ਸਿੰਘ ਵੱਲੋਂ ਦੱਸੇ ਗਏ ਢੰਗ ਤਰੀਰਿਆਂ ਅਨੁਸਾਰ 1 ਏਕੜ ਵਿੱਚ ਨਵੀਂ ਤਕਨੀਕ ਅਪਣਾਕੇ/ਸਿਖ ਕੇ ਹੋਰ ਕਿਸਾਨ ਵੀਰ ਵੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਵੱਲੋਂ ਸਮੂਹ ਜਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਦਿੱਤੀਆਂ ਗਈਆਂ ਖੇਤੀ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਜ਼ਮੀਨ ਵਿੱਚ ਰਲਾਉਣ ਦੀ ਅਪੀਲ ਵੀ ਕੀਤੀ ਗਈ।

LEAVE A REPLY

Please enter your comment!
Please enter your name here