ਭਵਾਨੀਗੜ੍ਹ (ਲਿਕੇਸ ਸ਼ਰਮਾ ) ਇਲਾਕੇ ‘ਚ ਸਰਗਰਮ ਚੋਰ ਗਿਰੋਹ ਅੱਗੇ ਬੇਬੱਸ ਹੋਇਆ ਪੁਲਿਸ ਪ੍ਰਸ਼ਾਸਨ ਲੱਗਦਾ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਬੁਲੰਦ ਹੌਂਸਲੇ ਦਾ ਸਬੂਤ ਦਿੰਦਿਆਂ ਬੇਖ਼ੌਫ ਚੋਰਾਂ ਨੇ ਬੀਤੀ ਰਾਤ ਪਿੰਡ ਚੰਨੋ ਵਿੱਚ ਇੱਕ ਮੌਬਾਈਲਾਂ ਦੀ ਦੁਕਾਨ ਨੂੰ ਚਾਰ ਦਿਨਾਂ ਵਿੱਚ ਦੂਜੀ ਵਾਰ ਅਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ ‘ਚੋਂ ਇਨਵਰਟਰ ਸਮੇਤ ਮਹਿੰਗੀ ਮੋਬਾਈਲ ਅਸੈਸਰੀ ‘ਤੇ ਹੱਥ ਸਾਫ਼ ਕਰ ਦਿੱਤਾ।
ਚੋਰੀ ਦੀ ਘਟਨਾ ਸਬੰਧੀ ਗੀਤੀ ਟੈਲੀਕਾਮ ਦੇ ਮਾਲਕ ਗੁਰਜਿੰਦਰ ਸਿੰਘ ਗੱਜੂਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 13-14 ਜੁਲਾਈ ਦੀ ਦਰਮਿਆਨੀ ਰਾਤ ਉਸਦੀ ਦੁਕਾਨ ‘ਚ ਹੋਈ ਚੋਰੀ ਦਾ ਅਜੇ ਤੱਕ ਕੋਈ ਸੁਰਾਗ ਵੀ ਨਹੀਂ ਸੀ ਮਿਲ ਸਕਿਆ ਕਿ ਬੀਤੀ ਰਾਤ ਵੀ ਅਣਪਛਾਤੇ ਚੋਰ ਕਟਰ ਨਾਲ ਸ਼ਟਰ ਨੂੰ ਕੱਟ ਕੇ ਉਸਦੀ ਦੁਕਾਨ ਵਿੱਚ ਦਾਖਲ ਹੋ ਗਏ ਤੇ ਦੁਕਾਨ ‘ਚ ਲੱਗਾ ਇਨਵਰਟਰ ਤੇ ਸਾਰੀ ਮਹਿੰਗੀ ਮੋਬਾਈਲ ਅਸੈਸਰੀ ਚੋਰੀ ਕਰ ਕੇ ਲੈ ਗਏ। ਚੋਰੀ ਸਬੰਧੀ ਪੀੜਤ ਦੁਕਾਨਦਾਰ ਨੂੰ ਸਵੇਰ ਹੋਣ ‘ਤੇ ਪਤਾ ਲੱਗਾ। ਦੁਕਾਨਦਾਰ ਮੁਤਾਬਕ, ਰਾਤ ਹੋਈ ਚੋਰੀ ਦੀ ਘਟਨਾ ਵਿੱਚ ਉਸਦਾ ਲਗਭਗ 90 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਜਦੋਂਕਿ ਤਿੰਨ ਦਿਨ ਪਹਿਲਾਂ ਹੋਈ ਚੋਰੀ ਵਿੱਚ ਵੀ ਉਸਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਸੀ। ਦੁਕਾਨ ਮਾਲਕ ਗੁਰਜਿੰਦਰ ਸਿੰਘ ਨੇ ਕਿਹਾ ਕਿ ਇੱਥੇ ਨੈਸ਼ਨਲ ਹਾਈਵੇਅ ‘ਤੇ ਬੰਦ ਪਈਆਂ ਲਾਈਟਾਂ ਦਾ ਖਾਮਿਆਜ਼ਾ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ‘ਤੇ ਹਾਈਵੇਅ ‘ਤੇ ਲਾਈਟਾਂ ਚਾਲੂ ਨਹੀਂ ਹੋ ਸਕੀਆਂ ਜਿਸ ਕਾਰਨ ਹਨੇਰੇ ਦਾ ਫਾਇਦਾ ਚੁੱਕ ਕੇ ਚੋਰ ਵਾਰਾਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਦੁਕਾਨਦਾਰ ਨੇ ਦੱਸਿਆ ਕਿ ਅੱਧੀ ਰਾਤ ਨੂੰ ਹਾਈਵੇਅ ‘ਤੇ ਘੁੰਮਦੇ ਤਿੰਨ ਸ਼ੱਕੀ ਲੋਕਾਂ ਦੀ ਤਸਵੀਰ ਪਿੰਡ ਦੇ ਸਰਕਾਰੀ ਕੈਮਰਿਆਂ ਵਿੱਚ ਕੈਦ ਹੋਈ ਹੈ ਜਿਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।