ਜਗਰਾਉਂ, 28 ਸਤੰਬਰ ( ਹਰਵਿੰਦਰ ਸਿੰਘ ਸੱਗੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਬੱਚਿਆਂ ਵਲੋਂ ਕਵਿਤਾ, ਪੋਸਟਰ, ਕੋਰੀਓਗਰਾਫ਼ੀ ਆਦਿ ਕਰ ਕੇ ਉਹਨਾਂ ਨੂੰ ਯਾਦ ਕੀਤਾ। ਉਹਨਾਂ ਦੇ ਜਨਮ ਤੋਂ ਸ਼ਹੀਦੀ ਤੱਕ ਦੇ ਸਫ਼ਰ ਨੂੰ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਸਾਂਝਾ ਕੀਤਾ ਗਿਆ ਤਾਂ ਜੋ ਪੀੜ੍ਹੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਕੁਝ ਕਰ ਗੁਜ਼ਰਨ। ਬੱਚਿਆਂ ਨੇ ਵੀ ਇਸ ਦਿਨ ਨੂੰ ਸ਼ਰਧਾ ਨਾਲ ਮਨਾਇਆ। ਸਕੂਲ ਦੇ ਸਾਰੇ ਹੀ ਬੱਚਿਆਂ ਵੱਲੋਂ ਸਰਫਰੋਸ਼ੀ ਦੀ ਤਮੰਨਾ ਰੱਖਦੇ ਹੋਏ ਨਾਅਰਿਆਂ ਨਾਲ ਸ:ਭਗਤ ਸਿੰਘ ਨੂੰ ਯਾਦ ਕੀਤਾ। ਬੱਚਿਆਂ ਵੱਲੋਂ ਉਹਨਾਂ ਦੀਆਂ ਲਿਖਤਾਂ ਨੂੰ ਪੋਸਟਰਾਂ, ਕਵਿਤਾਵਾਂ ਦੇ ਰੂਪ ਵਿਚ ਲਿਖ ਕੇ ਉਹਨਾਂ ਨੂੰ ਯਾਦ ਕੀਤਾ ਤੇ ਇੱਕ ਯਾਦਗਾਰ ਫੋਟੋ ਵੀ ਕਰਵਾਈ। ਬਾਹਵਾਂ ਖੜੀਆਂ ਕਰਦੇ ਹੋਏ ਉਹਨਾਂ ਨੇ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਿ੍ਹਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸ਼ਹੀਦ-ਏ-ਆਜ਼ਮ ਨੂੰ ਯਾਦ ਕਰਦਿਆਂ ਕਿਹਾ ਕਿ ਕੌਮ ਦੇ ਇਸ ਸੂਰਮੇ ਨੇ ਸਾਡੇ ਗਲੋਂ ਗੁਲਾਮੀ ਦੇ ਰੱਸੇ ਨੂੰ ਲਾਹ ਕੇ ਸਾਨੂੰ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦੇ ਯੋਗ ਬਣਾਇਆ। ਜਵਾਨੀ ਵਿਚ ਪੈਰ ਧਰਦਿਆਂ ਹੀ ਉਸਨੇ ਆਪਣੀ ਕੁਰਬਾਨੀ ਦੇ ਕੇ ਜ਼ੁਲਮ ਮੂਹਰੇ ਸਿਰ ਨੀਵਾਂ ਨਾ ਕਰਨ ਦੀ ਐਸੀ ਪੈੜ ਛੱਡੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਨੇਹਾ ਦੇ ਗਿਆ ਕੀ ਹਿੰਮਤ ਅੱਗੇ ਹਰ ਮੁਸੀਬਤ ਢੇਰੀ ਢਾਹ ਦਿੰਦੀ ਹੈ। ਅਜਿਹੇ ਸੂਰਬੀਰਾਂ ਨੂੰ ਯਾਦ ਕਰਨਾ ਪੰਜਾਬੀਅਤ ਦਾ ਫ਼ਰਜ਼ ਹੈ। ਇਸਦੇ ਨਾਲ ਹੀ ਅਸੀਂ ਪੂਰੇ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਈਏ ਤਾਂ ਜੋ ਅਸੀਂ ਦੇਸ਼ ਲਈ ਮਰ ਮਿਟਣ ਵਾਲੇ ਨੌਜਵਾਨ ਦੇ ਦੇਖੇ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਆਪਣਾ ਯੋਗਦਾਨ ਦੇਈਏ ਤੇ ਇੱਕ-ਇੱਕ ਦਰਖਤ ਵੀ ਜ਼ਰੂਰ ਲਗਾਈਏ ਤਾਂ ਜੋ ਪ੍ਰਦੂਸ਼ਣ ਦੀ ਵੱਧ ਰਹੀ ਮਿਕਦਾਰ ਨੂੰ ਘੱਟ ਕਰੀਏ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿਮਘ ਰੱਤੀਆਂ ਨੇ ਵੀ ਇਸ ਦਿਨ ਨੂੰ ਯਾਦ ਕੀਤਾ