Home Political ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਜਗਰਾਉਂ ‘ਚ ਬਣੇਗਾ ਡਾ.ਅੰਬੇਡਕਰ ਚੌਂਕ

ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਜਗਰਾਉਂ ‘ਚ ਬਣੇਗਾ ਡਾ.ਅੰਬੇਡਕਰ ਚੌਂਕ

108
0

 ਵਿਧਾਇਕ ਮਾਣੂੰਕੇ ਦੇ ਯਤਨਾਂ ਨੂੰ ਪਿਆ ਬੂਰ, ਅਧਿਕਾਰੀਆਂ ਸਮੇਤ ਲਿਆ ਜਾਇਜ਼ਾ

ਜਗਰਾਉਂ, 13 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਸਾਲ 2019 ਤੋਂ ਅਰੰਭੇ ਗਏ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਜ਼ਲਦੀ ਵਿਧਾਇਕ ਮਾਣੂੰਕੇ ਹਲਕਾ ਵਾਸੀਆਂ ਨੂੰ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਚੌਂਕ ਦਾ ਨਿਰਮਾਣ ਕਰਵਾਕੇ ਅਨੂਠਾ ਤੋਹਫ਼ਾ ਦੇਣ ਜਾ ਰਹੇ ਹਨ। ਜਗਰਾਉਂ ਸ਼ਹਿਰ ਦੇ ਚੁੰਗੀ ਨੰਬਰ-5 ਚੌਂਕ ਵਿਖੇ ਪ੍ਰਸ਼ਾਸ਼ਨਿਕ ਪੱਧਰ ਤੇ ਤਿਆਰੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਨਗਰ ਕੌਂਸਲ ਵੱਲੋਂ ਚੌਂਕ ਵਿੱਚ ਬਣੇ ਹੋਏ ਚੁੰਗੀ ਨੰਬਰ-5 ਦੇ ਖਸਤਾ ਹਾਲਤ ਕਮਰੇ ਨੂੰ ਢਾਅ ਦਿੱਤਾ ਗਿਆ ਹੈ ਤੇ ਬਿਜਲੀ ਵਿਭਾਗ ਵੱਲੋਂ ਚੌਂਕ ਵਿੱਚ ਲੱਗੇ ਹੋਏ ਬਿਜਲੀ ਦੇ ਟਰਾਸਫ਼ਾਰਮਰਾਂ ਨੂੰ ਪੁੱਟਕੇ ਸਾਈਡ ਤੇ ਕੀਤਾ ਜਾ ਰਿਹਾ ਹੈ। ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਪ੍ਰਸ਼ਾਸ਼ਨ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਨਾਲ ਲੈ ਕੇ ਡਾ.ਅੰਬੇਡਕਰ ਚੌਂਕ ਬਨਾਉਣ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਲਦੀ ਤੋਂ ਜ਼ਲਦੀ ਕੰਮ ਨੇਪਰੇ ਚਾੜਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਘੱਟ ਗਿਣਤੀਆਂ, ਦਲਿਤ ਤੇ ਪਛੜੇ ਵਰਗ ਦੇ ਮਸੀਹਾ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਚੌਂਕ ਬਣਾਕੇ ਉਹਨਾਂ ਦਾ ਆਦਮ-ਕੱਦ ਬੁੱਤ ਸਥਾਪਿਤ ਕਰਵਾਉਣਾ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਕਿਉਂਕਿ ਡਾ.ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਕਿਸੇ ਇੱਕ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕੀਤੀ, ਬਲਕਿ ਸਮੁੱਚੀ ਇਨਸਾਨੀਅਤ ਨੂੰ ਕਾਨੂੰਨੀ ਤੌਰਤੇ ਸੁਰੱਖਿਅਤ ਕੀਤਾ ਹੈ। ਉਹਨਾਂ ਕਿਹਾ ਕਿ ਗ਼ਰੀਬ ਪਰਿਵਾਰ ਵਿੱਚ ਜਨਮੇ ਬਾਬਾ ਸਾਹਿਬ ਨੇ ਅਤਿ ਦਰਜ਼ੇ ਦੀਆਂ ਤੰਗੀਆਂ-ਤੁਰਸੀਆਂ ਵਿੱਚੋਂ ਗੁਜ਼ਰਦਿਆਂ ਅਨੇਕਾਂ ਡਿਗਰੀਆਂ ਹਾਸਲ ਕਰਕੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਲਈ ਜਗਰਾਉਂ ਵਿੱਚ ਡਾ.ਅੰਬੇਡਕਰ ਜੀ ਦਾ ਚੌਂਕ ਬਣਾਕੇ ਬੁੱਤ ਲਗਾਉਣ ਦਾ ਮਕਸਦ ਇਹੀ ਹੈ ਕਿ ਸਾਡੇ ਬੱਚੇ ਬਾਬਾ ਸਾਹਿਬ ਦੇ ਚੌਂਕ ਵਿੱਚੋਂ ਗੁਜ਼ਰਦੇ ਹੋਏ ਬਾਬਾ ਸਾਹਿਬ ਜੀ ਦੀ ਸ਼ਖ਼ਸੀਅਤ ਤੋਂ ਪ੍ਰੇਰਣਾ ਲੈ ਕੇ ਤੇ ਪ੍ਰਭਾਵਿਤ ਹੋ ਕੇ ਅੱਗੇ ਵਧਣਗੇ ਅਤੇ ਆਪਣੇ ਮਾਪਿਆਂ ਦੇ ਨਾਲ ਨਾਲ ਜਗਰਾਉਂ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਜੇਕਰ ਬਾਬਾ ਸਾਹਿਬ ਸੰਵਿਧਾਨ ਨਾ ਲਿਖਦੇ ਤਾਂ ਘੱਟ ਗਿਣਤੀ, ਗ਼ਰੀਬ, ਦਲਿਤ ਤੇ ਪਛੜੇ ਵਰਗ ਨੂੰ ਸਮਾਜ ਵਿੱਚ ਬਰਾਬਰੀ ਦਾ ਅਧਿਕਾਰ ਨਹੀਂ ਮਿਲਣਾ ਸੀ ਅਤੇ ਗ਼ਰੀਬ ਤੇ ਅਮੀਰ ਦਾ ਪਾੜਾ ਬਹੁਤ ਵਧ ਜਾਣਾ ਸੀ ਅਤੇ ਸਮਾਜਿੱਕ ਕੁਰੀਤੀਆਂ ਦੀ ਆੜ ਹੇਠ ਦੱਬੇ-ਕੁਚਲੇ ਲੋਕਾਂ ਨੂੰ ਤਸੀਹੇ ਦਿੱਤੇ ਜਾਣੇ ਸਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੀ ਸ਼ਖ਼ਸੀਅਤ ਅਤੇ ਉਹਨਾਂ ਦੇ ਉਦੇਸ਼ਾਂ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਜਾਣੂੰ ਕਰਵਾਉਣ ਅਤੇ ਬਾਬਾ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਕੇ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਕਰਨ। ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਆਖਿਆ ਕਿ ਹੁਣ ਤੱਕ ਕਿੰਨੀਆਂ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਅਤੇ ਜਗਰਾਉਂ ਤੋਂ ਕਿੰਨੇ ਵਿਧਾਇਕ ਬਣੇ, ਪਰੰਤੂ ਕਿਸੇ ਨੇ ਵੀ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਚੌਂਕ ਬਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੇਵਲ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ। ਵਿਧਾਇਕਾ ਮਾਣੂੰਕੇ ਦੇ ਨਾਲ ਹਰਜੀਤ ਸਿੰਘ ਐਸ.ਐਸ.ਪੀ.ਜਗਰਾਉ, ਵਿਕਾਸ ਹੀਰਾ ਐਸ.ਡੀ.ਐਮ.ਜਗਰਾਉਂ, ਮਨੋਹਰ ਸਿੰਘ ਈ.ਓ.ਨਗਰ ਕੌਂਸਲ, ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਐਕਸੀਅਨ ਬਿਜਲੀ ਵਿਭਾਗ ਜਗਰਾਉਂ, ਇੰਜ:ਗੁਰਪ੍ਰੀਤ ਸਿੰਘ ਕੰਗ ਐਸ.ਡੀ.ਓ.ਸ਼ਹਿਰੀ ਜਗਰਾਉਂ, ਅਮ੍ਰਿਤਪਾਲ ਸਿੰਘ ਜੇਈ, ਅਸ਼ੋਕ ਕੁਮਾਰ ਐਸ.ਓ.ਨਗਰ ਕੌਂਸਲ, ਕਰਮਜੀਤ ਸਿੰਘ ਜੇਈ ਪੀ.ਡਬਲਿਯੂ.ਡੀ., ਰਛਪਾਲ ਸਿੰਘ ਚੀਮਨਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਮੇਹਰ ਸਿੰਘ, ਕਾਕਾ ਕੋਠੇ ਅੱਠ ਚੱਕ, ਡਾ.ਮਨਦੀਪ ਸਿੰਘ ਸਰਾਂ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here