ਜਗਰਾਉਂ (ਪ੍ਰਤਾਪ ਸਿੰਘ): ਜਗਰਾਉਂ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੂੰ ਉਸ ਵੇਲੇ ਡਾਢੀ ਖੁਸ਼ੀ ਮਹਿਸੂਸ ਹੋਈ ਜਦੋਂ ਜਗਰਾਉਂ ਸ਼ਹਿਰ ਦੇ ਵਸਨੀਕ ਜਨਵਾਦੀ ਕਵੀ ਭੁਪਿੰਦਰ ਸਿੰਘ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਚੁਣ ਲਿਆ ਗਿਆ। ਦਰਜਨ ਕਿਤਾਬਾਂ ਦੇ ਲੇਖਕ ਭੁਪਿੰਦਰ ਸਿੰਘ ਨੂੰ ਪੰਜਾਬੀ ਭਵਨ ਵਿਖੇ ਹੋਏ ਜਨਰਲ ਇਜਲਾਸ ਵਿੱਚ ਉਨ੍ਹਾਂ ਨੂੰ ਇਹ ਮਾਣ ਮਿਲਿਆ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸਰਪ੍ਰਸਤ ਤੇਜਵੰਤ ਸਿੰਘ ਮਾਨ ਨੇ ਆਪਣੇ ਭਾਸ਼ਨ ਵਿਚ ਆਖਿਆ ਕਿ ਮੌਜੂਦਾ ਕੇਂਦਰ ਦੀ ਸਰਕਾਰ ਤੇ ਕਾਬਜ਼ ਪਾਰਟੀ ਹਿੰਦੀ ਹਿੰਦੂ ਤੇ ਹਿੰਦੋਸਤਾਨ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ ਅਤੇ ਖੇਤਰੀ ਭਾਸ਼ਾਵਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਇਸ ਨੀਤੀ ਵਿਰੁੱਧ ਜੇਹਾਦ ਛੇੜੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਭਾਸ਼ਾ ਵਿਭਾਗ ਵੱਲੋਂ ਐਲਾਨੇ ਪੁਰਸਕਾਰ ਦੀ ਰਾਸ਼ੀ ਦੇਣ ਵਾਸਤੇ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ। ਡਾ ਤੇਜਵੰਤ ਸਿੰਘ ਮਾਨ ਨੇ ਫਰੀਦਕੋਟ ਵਿਖੇ ਬਾਬਾ ਫ਼ਰੀਦ ਦੀ ਯਾਦ ਵਿੱਚ ਲੱਗੇ ਮੇਲੇ ਸਮੇਂ ਅੰਗਰੇਜ਼ੀ ਦੇ ਬੋਰਡਾਂ ਤੇ ਬੈਨਰਾਂ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਪੁਸਤਕ ਲੋਕ ਅਰਪਣ ਵੀ ਕੀਤਾ ਗਿਆ। ਸਮਾਗਮ ਦਾ ਆਰੰਭ ਭੁਪਿੰਦਰ ਸਿੰਘ ਦੀ ਗਜ਼ਲ ਨਾਲ ਹੋਇਆ। ਇਸ ਮੌਕੇ ਵੱਖ ਵੱਖ ਭਾਸ਼ਾਵਾਂ ਦੇ ਢਾਈ ਸੌ ਦੇ ਕਰੀਬ ਲੇਖਕਾਂ ਨੇ ਸ਼ਿਰਕਤ ਕੀਤੀ।
