ਰਾਏਕੋਟ, 3 ਮਾਰਚ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਜਲ ਸੰਸਾਧਨ ਵਿਭਾਗ ਵਿੱਚ ਤਾਇਨਾਤ ਜੇ.ਈ ਨੂੰ ਰਸਤੇ ਵਿੱਚ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਅਧਮੋਇਆ ਕਰਨ ਉਪਰੰਤ ਲੁਟੇਰੇ ਉਸ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਦੀ ਚਾਬੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿਖੇ ਸਤਵੀਰ ਸਿੰਘ ਵਾਸੀ ਪਿੰਡ ਸੱਦੋਵਾਲ ਬਰਨਾਲਾ ਅਤੇ ਗੁਰਜੰਟ ਸਿੰਘ ਵਾਸੀ ਹਠੂਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲੀਸ ਚੌਕੀ ਜਲਾਲਦੀਵਾਲ ਤੋਂ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀਪਕ ਵਾਸੀ ਰਾਮਨਗਰ ਬਠਿੰਡਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਲ ਸਰੋਤ ਵਿਭਾਗ ਪੰਜਾਬ ਵਿੱਚ ਬਤੌਰ ਜੇਈ ਤਾਇਨਾਤ ਹੈ। ਉਹ ਆਪਣੀ ਡਿਊਟੀ ਲਈ ਪਿੰਡ ਦੱਦਾਹੂਰ ਤੋਂ ਚੱਕ ਭਾਈ ਦੀ ਬਰਾਂਚ ਨਹਿਰ ਦੇ ਕੱਚੇ ਰਸਤੇ ’ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਸਵੇਰੇ 10 ਵਜੇ ਦੇ ਕਰੀਬ ਜਦੋਂ ਉਹ ਪਿੰਡ ਦੱਦਾਹੂਰ ਨੇੜੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਦੋ ਅਣਪਛਾਤੇ ਵਿਅਕਤੀਆਂ ਨੇ ਮੇਰਾ ਪਿੱਛਾ ਕੀਤਾ। ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੇਰੇ ਕੋਲੋਂ ਮੇਰੇ ਦੋ ਮੋਬਾਈਲ ਖੋਹ ਲਏ ਅਤੇ ਕੁੱਟਮਾਰ ਕਰਨ ਤੋਂ ਬਾਅਦ ਮੇਰਾ ਗਲਾ ਘੁੱਟ ਦਿੱਤਾ। ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਫਰਾਰ ਹੋ ਗਏ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਮੇਰੇ ਨਾਲ ਸਤਵੀਰ ਸਿੰਘ ਵਾਸੀ ਸੱਦੋਵਾਲ ਅਤੇ ਗੁਰਜੰਟ ਸਿੰਘ ਵਾਸੀ ਹਠੂਰ ਵੱਲੋਂ ਕੁੱਟਮਾਰ ਅਤੇ ਖੋਹ ਕੀਤੀ ਗਈ ਸੀ। ਦੀਪਕ ਦੀ ਸ਼ਿਕਾਇਤ ’ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।