ਮੋਗਾ 10 ਮਾਰਚ (ਕੁਲਵਿੰਦਰ ਸਿੰਘ)ਸਥਾਨਕ ਸ਼ਹਿਰ ਦੇ ਭੀੜਭਾੜ ਵਾਲੇ ਬਾਜ਼ਾਰ ਗਲੀ ਨੰਬਰ ਇਕ ਵਿਚ ਸਥਿਤ ਰੈਡੀਮੇਟ ਕੱਪੜੇ ਦੇ ਸ਼ੋਅ ਰੂਮ ਦੀ ਉਪਰਲੀ ਮੰਜ਼ਿਲ ‘ਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਸ਼ੋਅ ਰੂਮ ਮਾਲਿਕ ਦੀ ਉਪਰ ਹੀ ਰਿਹਾਇਸ਼ ਹੋਣ ਕਰਕੇ ਅੰਦਰ ਪਏ ਤਿੰਨ ਗੈਸ ਸਿਲੰਡਰਾਂ ਨੂੰ ਅੱਗ ਲੱਗ ਗਈ ਤੇ ਲਗਾਤਾਰ ਧਮਾਕੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਸਾਰੀ ਮਾਰਕੀਟ ਬੰਦ ਹੋ ਗਈ।
ਇਸ ਸਬੰਧੀ 38 ਨੰਬਰ ਵਾਰਡ ਦੇ ਕਾਂਗਰਸੀ ਕੌਂਸਲਰ ਸਾਹਿਲ ਅਰੋੜਾ ਨੇ ਦੱਸਿਆ ਕਿ ਮੋਗਾ ਦੀ ਨਿਊ ਟਾਊਨ ਗਲੀ ਨੰਬਰ ਇਕ ਵਿਚ ਅਮਨ ਅਰੋੜਾ ਦਾ ਟਿਪਟਾਪ ਨਾਮ ਦੇ ਨਾਮ ਤੇ ਰੈਡੀਮੇਟ ਕੱਪੜੇ ਦਾ ਸ਼ੋਅ ਰੂਮ ਹੈ। ਉਨਾਂ ਕਿਹਾ ਕਿ ਅੱਜ ਕਰੀਬ 12 ਵਜੇ ਅੱਗ ਲੱਗਣ ਬਾਰੇ ਮਾਰਕੀਟ ‘ਚ ਇਕ ਦੁਕਾਨਦਾਰ ਦਾ ਉਸ ਨੂੰ ਫੋਨ ਆਇਆ ਤੇ ਉਸ ਨੇ ਤੁਰੰਤ ਹੀ ਫਾਇਰ ਬਿ੍ਰਗੇਡ ਨੂੰ ਅਤੇ ਪ੍ਰਸ਼ਾਸਨ ਨੂੰ ਫੋਨ ਕੀਤਾ ਅਤੇ ਮੌਕੇ ਤੇ ਉਹ ਆਪ ਵੀ ਖੁਦ ਪਹੁੰਚੇ। ਉਨ੍ਹਾਂ ਕਿਹਾ ਕਿ ਉਸ ਦੇ ਫੋਨ ਕਰਨ ‘ਤੇ ਮੌਕੇ ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਆਈਆਂ। ਜਦ ਅੱਗ ਲੱਗਣ ਬਾਰੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਚੱਲਿਆ ਤਾਂ 40 ਦੇ ਕਰੀਬ ਸੇਵਾਦਾਰਾਂ ਨੇ ਮੌਕੇ ਤੇ ਪੁੱਜਕੇ ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਨਾਲ ਮਿਲਕੇ ਤੀਜੀ ਮੰਜ਼ਿਲ ਦੇ ਲੱਗੀ ਭਿਆਨਕ ਅੱਗ ਤੇ ਕਾਬੂ ਕਰਨ ਲਈ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਦੂਜੀ ਮੰਜਿਲ ਤੇ ਜਾ ਚੜ੍ਹੇ ਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਏਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਕਿ ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਵੱਲੋਂ ਨਾਲ ਲੱਗਦੇ ਜ਼ਿਲ੍ਹੇ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਫਾਇਰ ਬਿ੍ਗੇਡ ਦੀ ਗੱਡੀਆਂ ਨੂੰ ਬੁਲਾਉਣਾ ਪਿਆ।ਅੱਜ ਵੋਟਾਂ ਦੀ ਗਿੱਣਤੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਆਈਟੀਆਈ ਵਿਖੇ ਵੋਟਾਂ ਦੀ ਗਿਣਤੀ ਵਿਚ ਰੁੱਝੇ ਹੋਏ ਸਨ। ਜਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਮੌਕੇ ਤੇ ਕਮਿਸ਼ਨਰ ਸੁਰਿੰਦਰ ਸਿੰਘ ਸਮੇਤ ਨਗਰ ਨਿਗਮ ਟੀਮ ਜਿਸ ਵਿਚ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ, ਨਰੇਸ਼ ਬੋਹਤ ਅਤੇ ਪੁਲਿਸ ਪ੍ਰਸ਼ਾਸਨ ਦੇ ਡੀਐੱਸਪੀ ਸਿਟੀ ਜ਼ਸਨਦੀਪ ਸਿੰਘ ਗਿੱਲ, ਥਾਣਾ ਸਿਟੀ ਇਕ ਦੇ ਇੰਸਪਕੈਟਰ ਦਲਜੀਤ ਸਿੰਘ, ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਲਸ਼ਮਨ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪੁੱਜੇ ਤੇ ਲੋਕਾਂ ਦੀ ਭਾਰੀ ਭੀੜ ਨੂੰ ਘਟਨਾ ਸਥਾਨ ਤੋਂ ਹਟਾਇਆ ਤਾਂ ਕਿ ਅੱਗ ਬੁਝਾਉਣ ਵਾਲੇ ਦਸਤੇ ਨੂੰ ਕੋਈ ਪੇ੍ਸ਼ਾਨੀ ਨਾ ਆਵੇ।ਅੱਗ ਏਨੀ ਭਿਆਨਕ ਸੀ ਕਿ ਬਾਜ਼ਾਰ ਦੀ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਦੁਕਾਨ ਮਾਲਕ ਦੀ ਰਿਹਾਇਸ਼ ਦੁਕਾਨ ਦੇ ਉਪਰ ਹੋਣ ਕਰਕੇ ਉੱਥੇ ਪਏ ਦੋ ਗੈਸ ਸਿਲੰਡਰ ਵੀ ਫਟ ਗਏ ਅਤੇ ਕਮਰਿਆਂ ‘ਚ ਪਿਆ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਤੇ ਕਾਬੂ ਕਰਨ ਲਈ ਫਾਇਰ ਬਿ੍ਰਗੇਡ ਦੀਆਂ ਪਾਣੀ ਦੀਆਂ 10 ਤੋਂ 12 ਗੱਡੀਆਂ ਦਾ ਇਸਤੇਮਾਲ ਹੋਇਆ ਹੈ। ਕਰੀਬ ਡੇਢ ਤੋਂ 2 ਘੰਟਿਆ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਅੱਗ ਦੀ ਘਟਨਾ ‘ਚ ਲੱਖਾਂ ਰੁਪਏ ਦਾ ਨੁੁਕਸਾਨ ਹੋਣ ਦਾ ਅੰਦਾਜਾ ਹੈ। ਪੁਲਿਸ ਅੱਗ ਲੱਗਣ ਦੀ ਘਟਨਾ ਬਾਰੇ ਜਾਂਚ ਕਰ ਰਹੀ ਹੈ। ਜਦ ਤਕ ਅੱਗ ਪੂਰੀ ਤਰ੍ਹਾਂ ਬੁਝ ਨਹੀਂ ਗਈ ਤਾਂ ਉਦੋਂ ਤੱਕ ਪ੍ਰਸ਼ਾਸਨ ਦੇ ਅਤੇ ਪੁਲਿਸ ਅਧਿਕਾਰੀ ਘਟਨਾ ਸਥਾਨ ਤਕ ਖੜ੍ਹੇ ਰਹੇ।