ਲਾਸ਼ ਨੂੰ ਪਹਿਲਾਂ ਨਹਿਰ ’ਚ ਸੁੱਟਿਆ, ਪਾਣੀ ਘੱਟ ਹੋਣ ਕਰਕੇ ਬਾਹਰ ਕੱਢ ਕੇ ਅੱਗ ਨਾਲ ਸਾੜਿਆ ਅਤੇ ਡੂੰਘਾ ਟੋਆ ਪੁੱਟ ਕੇ ਦੱਬਿਆ
ਕਤਲ ਦੇ ਦੋਸ਼ੀ ਦੋਵੇਂ ਭਰਾ, ਜੀਜਾ ਅਤੇ ਦੋਸਤ ਗ੍ਰਿਫਤਾਰ
ਸੁਧਾਰ, 7 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-24 ਦਸੰਬਰ ਨੂੰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋਈ 24 ਸਾਲਾ ਜਸਪਿੰਦਰ ਕੌਰ ਨੂੰ ਉਸ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਵਾਸੀ ਸੁਧਾਰ ਨੇ ਆਪਣੇ ਭਰਾ ਨਾਲ ਮਿਲ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਉਸ ਦੀ ਲਾਸ਼ ਨੂੰ ਢੈਪਈ ਨਹਿਰ ’ਚ ਸੁੱਟ ਦਿੱਤਾ ਪਰ ਉੱਥੇ ਪਾਣੀ ਘੱਟ ਹੋਣ ਕਾਰਨ ਲਾਸ਼ ਨੂੰ ਬਾਹਰ ਕੱਢ ਲਿਆ। ਉਸਤੋਂ ਬਾਅਦ ਅਪਣੇ ਆਪਣੇ ਤਬੇਲੇ ਵਿਚ ਲਿਜਾ ਕੇ ਅੱਗ ਨਾਲ ਸਾੜ ਦਿਤਾ ਅਤੇ ਅੱਧਸੜੀ ਲਾਸ਼ ਨੂੰ ਆਪਣੇ ਰਿਸ਼ਤੇਦਾਰ ਜੀਜਾ ਅਤੇ ਦੋਸਤ ਨਾਲ ਮਿਲ ਕੇ ਤਬੇਲੇ ਦੇ ਪਿੱਛੇ ਡੂੰਘਾ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾ ਦਿੱਤਾ। ਜਿਸ ਨੂੰ ਪੁਲਸ ਨੇ ਬੁੱਧਵਾਰ ਨੂੰ ਟੋਏ ’ਚੋਂ ਬਾਹਰ ਕੱਢ ਲਿਆ। ਅੱਗ ਨਾਲ ਮ੍ਰਿਤਕ ਦੇਹ ਬੁਰੀ ਤਰ੍ਹਾਂ ਸੜ ਚੁੱਕੀ ਹੈ, ਇਸ ਦੀ ਸਿੱਧੀ ਪਛਾਣ ਕਰਨੀ ਮੁਸ਼ਕਲ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਵਿਆਹ ਲਈ ਪ੍ਰੇਸ਼ਾਨ ਕਰਨ ਤੋਂ ਤੰਗ ਹੋ ਕੇ ਕੀਤਾ ਕਤਲ-ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਜਸਪਿੰਦਰ ਕੌਰ ਅਤੇ ਪ੍ਰੇਮਪ੍ਰੀਤ ਸਿੰਘ ਵਾਸੀ ਸੁਧਾਰ ਦੇ ਪਿਛਲੇ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਸਨ। ਲੜਕੀ ਲਗਾਤਾਰ ਉਸ ’ਤੇ ਵਿਆਹ ਲਈ ਦਬਾਅ ਪਾ ਰਹੀ ਸੀ ਅਤੇ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਅਤੇ ਲਗਾਤਾਰ ਟਾਲ-ਮਟੋਲ ਕਰ ਰਿਹਾ ਸੀ। ਜਿਸ ਕਾਰਨ ਜਸਪਿੰਦਰ ਕੌਰ ਨੇ ਉਸਨੂੰ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਪ੍ਰੇਮਪ੍ਰੀਤ ਨੇ ਉਸ ਨੂੰ ਘਰੋਂ ਭੱਜਣ ਲਈ ਕਿਹਾ ਅਤੇ ਉਸ ਦੇ ਕਹਿਣ ’ਤੇ ਜਸਪਿੰਦਰ ਕੌਰ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਪ੍ਰੇਮਪ੍ਰੀਤ ਕੋਲ ਚਲੀ ਗਈ। 24 ਦਸੰਬਰ ਦੀ ਰਾਤ ਨੂੰ ਪ੍ਰੇਮਪ੍ਰੀਤ ਨੇ ਆਪਣੇ ਭਰਾ ਭਵਨਪ੍ਰੀਤ ਨਾਲ ਮਿਲ ਕੇ ਜਸਪਿੰਦਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਸ ਤਰ੍ਹਾਂ ਹੋਇਆ ਖੁਲਾਸਾ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਅਤੇ ਸ਼ਿਕਾਇਤ ਦੇ ਆਧਾਰ ’ਤੇ ਪ੍ਰੇਮਪ੍ਰੀਤ ਅਤੇ ਉਸ ਦੇ ਭਰਾ ਭਵਨਪ੍ਰੀਤ ਸਿੰਘ ਵਾਸੀ ਸੁਧਾਰ ਦੇ ਖਿਲਾਫ ਥਾਣਾ ਹਠੂਰ ’ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਲੜਕੀ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਕੱਢਵਾ ਕੇ ਉਸ ਨਾਲ ਗੱਲਬਾਤ ਕਰਨ ਵਾਲੇ ਲੋਕਾਂ ਦੀ ਪਛਾਣ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ ਅਤੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਮਾਮਲਾ ਪ੍ਰੇਮਪ੍ਰੀਤ ਸਿੰਘ ਤੱਕ ਪਹੁੰਚ ਗਿਆ। ਪੁੱਛਗਿੱਛ ਦੌਰਾਨ ਪ੍ਰੇਮਪ੍ਰੀਤ ਨੇ ਜਸਪਿੰਦਰ ਕੌਰ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਕਰ ਲਈ।
ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਕੱਢੀ ਲਾਸ਼- ਇਸ ਸਨਸਨੀਖੇਜ਼ ਘਟਨਾ ਦੇ ਬਾਅਦ ਜਸਪਿੰਦਰ ਕੌਰ ਦੀ ਲਾਸ਼ ਨੂੰ ਬਾਹਰ ਕੱਢਣ ਲਈ ਪ੍ਰੇਮਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ ਜਿੱਥੇ ਉਸ ਨੇ ਲਾਸ਼ ਨੂੰ ਦਬਾਇਆ ਸੀ, ਉਸ ਥਾਂ ’ਤੇ ਪੁਲਿਸ ਪਹੁੰਚੀ ਅਤੇ ਜੇ.ਸੀ.ਬੀ ਮਸ਼ੀਨ ਨਾਲ ਦੁਬਾਰਾ ਖੁਦਾਈ ਕੀਤੀ ਗਈ ਅਤੇ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ। ਅੱਧੇ ਤੋਂ ਵੱਧ ਸਰੀਰ ਪੂਰੀ ਤਰ੍ਹਾਂ ਅੱਗ ਨਾਲ ਸੜਿਆ ਹੋਇਆ ਸੀ। ਲਾਸ਼ ਦੀ ਸ਼ਨਾਖਤ ਕਰਨੀ ਮੁਸ਼ਕਲ ਸੀ। ਮੌਕੇ ’ਤੇ ਡੀਐਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ, ਡਿਊਟੀ ਮੈਜਿਸਟਰੇਟ ਰਾਏਕੋਟ ਨਾਇਬ ਤਹਿਸੀਲਦਾਰ ਮਲੂਕ ਸਿੰਘ, ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਤੋਂ ਇਲਾਵਾ ਲੁਧਿਆਣਾ ਤੋਂ ਫੋਰੈਂਸਿਕ ਅਤੇ ਫਿੰਗਰ ਟੀਮ ਦੇ ਅਧਿਕਾਰੀ ਪੁੱਜੇ ਹੋਏ ਸਨ।
ਕਤਲ ਦੇ ਦੋਸ਼ ’ਚ ਚਾਰ ਗ੍ਰਿਫ਼ਤਾਰ- ਜਸਪਿੰਦਰ ਕੌਰ ਦੀ ਬੇਰਹਿਮੀ ਨਾਲ ਗਲਾ ਘੁੱਟ ਕੇ ਹੱਤਿਆ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰੇਮਪ੍ਰੀਤ ਸਿੰਘ, ਉਸ ਦੇ ਭਰਾ ਭਵਨਪ੍ਰੀਤ ਸਿੰਘ, ਜੀਜਾ ਹਰਪ੍ਰੀਤ ਸਿੰਘ ਵਾਸੀ ਪਿੰਡ ਮਨਸੂਰਾ ਅਤੇ ਦੋਸਤ ਏਕਮ ਸਿੰਘ ਵਾਸੀ ਪਿੰਡ ਘੁਮਾਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। .

