ਜਗਰਾਉਂ, 7 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਇਨਕਲਾਬੀ ਕੇਂਦਰ ਪੰਜਾਬ ਨੇ ਇਰਾਨ ਦੀ ਕੱਟੜ ਹਕੂਮਤ ਵਲੋਂ ਹਿਜਾਬ ਦੇ ਮਸਲੇ ਤੇ ਔਰਤਾਂ ਖਿਲਾਫ ਝੂਲਾਈ ਜਬਰ ਦੀ ਹਨੇਰੀ ਖਿਲਾਫ ਸੰਘਰਸ਼ ਦੀ ਜਿੱਤ ਤੇ ਇਰਾਨ ਦੀਆਂ ਬਹਾਦਰ ਔਰਤਾਂ ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਸਬੰਧੀ ਅੱਜ ਇਥੇ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਰਾਨ ਵਿੱਚ ਧਾਰਮਕ ਮੂਲਵਾਦੀ ਹਕੂਮਤ ਦੇ ਔਰਤਾਂ ਵਲੋਂ ਹਿਜਾਬ ਖਿਲਾਫ ਕੀਤੀ ਬਗਾਵਤ ਦਾ ਸਿਲਾ ਇਰਾਨੀ ਔਰਤਾਂ ਨੂੰ ਤਿੰਨ ਸੋ ਦੇ ਕਰੀਬ ਸ਼ਹਾਦਤਾਂ ਦੇ ਕੇ ਚੁਕਾਉਣਾ ਪਿਆ। ਅਖੀਰ ਭਾਰਤ ਦੇ ਕਿਸਾਨ ਸੰਘਰਸ਼ ਵਾਂਗ ਇਰਾਨੀ ਔਰਤਾਂ ਨੇ ਲੰਮੇ ਇਤਿਹਾਸਕ ਅੰਦੋਲਨ ਰਾਹੀਂ ਇਰਾਨੀ ਹਕੂਮਤ ਨੂੰ ਗੋਡਿਆਂ ਪਰਨੇ ਕਰਕੇ ਗਸ਼ਤ ਏ ਇਰਸ਼ਾਦ ਨਾਂ ਦੀ ਔਰਤਾਂ ਖਿਲਾਫ ਜਾਬਰ ਪੁਲਸੀਆ ਬਲ ਦਾ ਭੋਗ ਪਾਉਣ ਲਈ ਮਜਬੂਰ ਕਰਕੇ ਲਾਮਿਸਾਲ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਇਰਾਨੀ ਔਰਤਾਂ ਵਲੋਂ ਇਕ ਅੱਤ ਦੀ ਪਿਛਾਖੜੀ ਤੇ ਮੂਲਵਾਦੀ ਹਕੂਮਤ ਖਿਲਾਫ ਜੂਝ ਕੇ ਸੰਸਾਰ ਭਰ ਦੀਆਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਦਾ ਸ਼ੁਭ ਕਾਰਜ ਕੀਤਾ ਹੈ। ਸੰਸਾਰ ਭਰ ਚ ਦੂਹਰੀ ਗੁਲਾਮੀ ਦਾ ਸ਼ਿਕਾਰ ਔਰਤ ਵਰਗ ਜਿਥੇ ਪੂੰਜੀਵਾਦੀ ਸ਼ੋਸ਼ਣ ਦਾ ਸ਼ਿਕਾਰ ਹੈ ਉਥੇ ਜਗੀਰੂ ਕਦਰਾਂ ਕੀਮਤਾਂ ਦਾ ਜਕੜਪੰਜਾ, ਵਿਸ਼ੇਸ਼ਕਰ ਮੁਸਲਿਮ ਦੇਸ਼ਾਂ ਚ ਜਮਹੂਰੀ ਆਜਾਦੀਆਂ ਤੇ ਮੜੀਆਂ ਪਾਬੰਦੀਆਂ ਚ ਪਿਸ ਰਹੀਆਂ ਔਰਤਾਂ ਨੂੰ ਇਸ ਜੇਤੂ ਸੰਘਰਸ਼ ਤੋਂ ਸੇਧ ਲੈਣੀ ਹੋਵੇਗੀ। ਹਰ ਗਿਆਰਵੇਂ ਮਿੰਟ ਚ ਦੂਨੀਆਂ ਭਰ ਚ ਬਲਾਤਕਾਰ ਦਾ ਸ਼ਿਕਾਰ ਹੋ ਰਹੀ ਔਰਤ ਲਈ ਜਗੀਰੂ ਤੇ ਪੂੰਜੀਵਾਦੀ ਪ੍ਰਬੰਧ ਦੋਹੇਂ ਸਿੱਧੇ ਦੁਸ਼ਮਣ ਹਨ।ਅਜੋਕੇ ਸੰਸਾਰ ਚ ਔਰਤ ਦਾ ਰੁਤਬਾ ਤੇ ਕਿਰਤ ਦਾ ਮੁੱਲ ਗਵਾਚ ਚੁਕਾ ਹੈ।ਔਰਤ ਵਰਗ ਨੂੰ ਮਰਦ ਕਿਰਤੀਆਂ ਨਾਲ ਰਲ ਕੇ ਇਨਕਲਾਬੀ ਲੋਕਲਹਿਰ ਦੀ ਉਸਾਰੀ ਰਾਹੀਂ ਹੀ ਅਪਣੀ ਹੌਂਦ ਤੇ ਆਜਾਦੀ ਹਾਸਲ ਕੀਤੀ ਜਾ ਸਕਦੀ ਹੈ। ਇਨਕਲਾਬੀ ਕੇਂਦਰ ਪੰਜਾਬ ਨੇ ਹਿਜਾਬ ਵਿਰੋਧੀ ਅੰਦੋਲਨ ਚ ਸ਼ਹੀਦ ਇਰਾਨੀ ਔਰਤਾਂ ਅਤੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।