28 ਨਵੰਬਰ 2021 ਨੂੰ ਨੀਲਮ ਨੇ ਕੀਤਾ ਸੀ ਅਗਵਾ ਕਰਕੇ ਮਾਸੂਮ ਦਿਲਰੋਜ਼ ਦਾ ਕੀਤਾ ਸੀ ਕਤਲ
ਲੁਧਿਆਣਾ, 18 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ) – ਮਾਸੂਮ ਦਿਲਰੋਜ਼ ਕਤਲ ਕਾਂਡ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਵਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਮਾਸੂਮ ਦਿਲਰੋਜ਼ ਦੀ ਕਾਤਲ ਨੀਲਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ।ਇਥੇ ਜਿਕਰਯੋਗ ਹੈ ਕਿ, 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਨੀਲਮ ਨਾਂ ਦੀ ਔਰਤ ਨੇ ਗੁਆਂਢ ‘ਚ ਰਹਿਣ ਵਾਲੀ ਢਾਈ ਵਰ੍ਹਿਆਂ ਦੀ ਮਾਸੂਮ ਦਿਲਰੋਜ਼ ਨੂੰ ਅਗਵਾ ਕਰਨ ਤੋਂ ਬਾਅਦ ਸਲੇਮ ਟਾਬਰੀ ਇਲਾਕੇ ‘ਚ ਲਿਜਾ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।ਕਾਬਲੇਗੌਰ ਹੈ ਕਿ ਦੋਸ਼ਣ ਔਰਤ ਨੇ ਪਰਿਵਾਰਾਂ ਦੀ ਮਾਮੂਲੀ ਰੰਜਿਸ਼ ਦੇ ਚਲਦਿਆਂ ਉਸ ਦਿਨ ਬੱਚੀ ਨੂੰ ਅਗਵਾ ਕੀਤਾ ਤੇ ਸਲੇਮ ਟਾਬਰੀ ਇਲਾਕੇ ਦੀ ਵੀਰਾਨ ਥਾਂ ‘ਤੇ ਲਿਜਾ ਕੇ ਰੇਤ ‘ਚ ਦਫ਼ਨ ਕਰ ਦਿੱਤਾ।ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਦੀ ਹੋਈ ਪੁਲਿਸ ਮੌਕੇ ‘ਤੇ ਤਾਂ ਪਹੁੰਚ ਗਈ ਪਰ ਉਹ ਬੱਚੀ ਨੂੰ ਬਚਾਉਣ ‘ਚ ਅਸਫਲ ਰਹੀ। ਕਰੀਬ ਤਿੰਨ ਸਾਲ ਪੁਰਾਣੇ ਉਕਤ ਮਾਮਲੇ ਵਿਚ ਲੁਧਿਆਣਾ ਅਦਾਲਤ ਦੇ ਵਲੋਂ ਵੱਡਾ ਫ਼ੈਸਲੇ ਸੁਣਾਉਂਦੇ ਹੋਏ ਦਿਲਰੋਜ਼ ਦੀ ਕਾਤਲ ਨੀਲਮ ਨਾਮ ਦੀ ਔਰਤ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ।