ਮੋਗਾ, 25 ਅਪ੍ਰੈਲ (ਕੁਲਵਿੰਦਰ ਸਿੰਘ ) – ਚੱਲ ਰਹੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਵਿੱਚ 43 ਅੱਗਾਂ ਲੱਗਣ/ ਲਗਾਉਣ ਦੀਆਂ ਘਟਨਾਵਾਂ ਦਾ ਪਤਾ ਲੱਗਾ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅੱਗਾਂ ਲੱਗਣ/ ਲਗਾਉਣ ਬਾਰੇ ਜ਼ਮੀਨੀ ਪੱਧਰ ਉੱਤੇ ਜਾਂਚ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ ਕਿ ਆਖ਼ਰ ਕੀ ਕਾਰਨ ਹੈ ਕਿ ਇਹ ਘਟਨਾਵਾਂ ਖ਼ਤਮ ਨਹੀਂ ਹੋ ਰਹੀਆਂ।
ਕਣਕ ਦੀ ਵਾਢੀ ਦੌਰਾਨ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿੰਨਾ ਬਾਰੇ ਵਿਸਥਾਰ ਵਿੱਚ ਪੜਚੋਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ ਲੱਗੀਆਂ 43 ਅੱਗਾਂ ਵਿੱਚੋਂ ਕਈ ਅਜਿਹੀਆਂ ਘਟਨਾਵਾਂ ਹਨ ਜਿੱਥੇ ਕਿ ਮਾੜੀਆਂ ਕੰਬਾਈਨਾਂ ਅਤੇ ਰੀਪਰਾਂ ਨਾਲ ਅੱਗ ਲੱਗਣ ਬਾਰੇ ਪਤਾ ਲੱਗਾ ਹੈ। ਉਹਨਾਂ ਕੰਬਾਈਨਾਂ ਅਤੇ ਰੀਪਰਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਤਕਨੀਕੀ ਤੌਰ ਉੱਤੇ ਦਰੁਸਤ ਮਸ਼ੀਨਰੀ ਦੀ ਹੀ ਵਰਤੋਂ ਕਰਨ।
ਉਹਨਾਂ ਦੱਸਿਆ ਕਿ ਅੱਗ ਲੱਗਣ/ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਮੋਗਾ ਵਿੱਚ ਕਲੱਸਟਰ ਅਤੇ ਨੋਡਲ ਅਧਿਕਾਰੀ ਲਗਾਏ ਗਏ ਹਨ। ਜਿੰਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਪਹਿਲਾਂ ਜਾਗਰੂਕ ਕਰਨ ਅਤੇ ਜੇਕਰ ਫਿਰ ਵੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਦੀ ਉਤਪਾਦਨ ਸ਼ਕਤੀ ਨੂੰ ਬਚਾਉਣ, ਵਾਤਾਵਰਨ ਨੂੰ ਸੁਰੱਖਿਅਤ ਰੱਖਣ, ਮਨੁੱਖੀ, ਪੰਛੀ ਅਤੇ ਜਾਨਵਰਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਦੀ ਪ੍ਰਵਿਰਤੀ ਤੋਂ ਬਾਹਰ ਨਿਕਲਣ। ਇਸ ਮੀਟਿੰਗ ਵਿੱਚ ਸ੍ਰ ਹਰਚਰਨ ਸਿੰਘ ਅਤੇ ਸ੍ਰ ਸੁਰਿੰਦਰ ਸਿੰਘ ( ਦੋਵੇਂ ਵਧੀਕ ਡਿਪਟੀ ਕਮਿਸ਼ਨਰ), ਸ੍ਰ ਸਤਵੰਤ ਸਿੰਘ ਐੱਸ ਡੀ ਐੱਮ ਮੋਗਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।