ਤਰਨ ਤਾਰਨ, 06 ਮਈ (ਸੰਜੀਵ – ਮੁਕੇਸ਼) : ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਨੇ ਅੱਜ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਸਬੰਧੀ 07 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਇਸ ਦੇ ਨਾਲ ਹੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ।ਉਹਨਾਂ ਕਿਹਾ ਨਾਮਜ਼ਦਗੀ ਪੱਤਰ 14 ਮਈ, ਸ਼ਾਮ 03 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ।ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਜਿਹੜੇ ਵੀ ਚੋਣ ਲੜ੍ਹਨ ਦੇ ਚਾਹਵਾਨ ਉਮੀਦਵਾਰ ਹਨ, ਉਨਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਮਾਪਢੰਡਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਿਰਫ 3 ਗੱਡੀਆਂ ਅਤੇ ਉਮੀਦਵਾਰ ਸਮੇਤ 05 ਵਿਅਕਤੀਆਂ ਨੂੰ ਹੀ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ ਆ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਇਜ਼ਾਜਤ ਹੋਵੇਗੀ।ਉਨਾ ਦੱਸਿਆ ਕਿ ਨਾਮਜ਼ਦਗੀਆਂ ਪ੍ਰਾਪਤ ਕਰਨ ਉਪਰੰਤ ਚੋਣ ਦਫਤਰ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ 15 ਮਈ ਨੂੰ ਕੀਤੀ ਜਾਵੇਗੀ ਅਤੇ ਜੇਕਰ ਕੋਈ ਉਮੀਦਵਾਰ ਆਪਣੇ ਵੱਲੋਂ ਦਾਖਲ ਨਾਮਜ਼ਦਗੀ ਨੂੰ ਵਾਪਸ ਲੈਣਾ ਚਾਹੇਗਾ ਤਾਂ ਉਹ 17 ਮਈ ਨੂੰ ਬਾਅਦ ਦੁਪਹਿਰ ਤਿੰਨ ਵਜੇ ਤੱਕ ਵਾਪਿਸ ਲੈ ਸਕੇਗਾ।ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰ ਆਨਲਾਈਨ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੁੰਦੇ ਹਨ ਤਾਂ ਉਹ ਸੁਵਿਧਾ ਪੋਰਟਲ ‘ਤੇ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਪਰ ਉਨਾਂ ਨੂੰ ਦਸਤੀ ਕਾਪੀ ਨੂੰ 14 ਮਈ ਨੂੰ ਦੁਪਹਿਰ ਤਿੰਨ ਵਜੇ ਤੋਂ ਪਹਿਲਾ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ ਜਮਾਂ ਕਰਵਾਉਣੀ ਲਾਜ਼ਮੀ ਹੋਵੇਗੀ।ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਮਿਤੀ 01 ਜੂਨ ਦਿਨ ਸ਼ਨਿਚਵਾਰ ਨੂੰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ, ਜਿੰਨਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਆਦਰਸ਼ ਚੋਣ ਜ਼ਾਬਤੇ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ੍ਹ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕਿਸੇ ਵੀ ਉਮੀਦਵਾਰ ਜਾਂ ਵਿਅਕਤੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾ ਕਿਹਾ ਕਿ ਉਮੀਦਵਾਰਾਂ ਨੂੰ ਚੋਣ ਰੈਲੀ ਜਾਂ ਫਿਰ ਜਨ ਸਭਾਵਾਂ ਕਰਨ ਲਈ ਅਗਾਂਊ ਮਨਜ਼ੂਰੀ ਲੈਣੀ ਪਵੇਗੀ ਅਤੇ ਇਸ ਲਈ ਪਰਮਿਸ਼ਨ ਸੈੱਲ ਦਾ ਗਠਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਲੋਕ ਹਲਕਾ ਖਡੂਰ ਸਾਹਿਬ ਦੇ ਵਿੱਚ ਅਗਾਮੀ ਲੋਕ ਸਭਾ ਚੋਣਾ-2024 ਦੌਰਾਨ 75 ਫੀਸਦੀ ਤੋਂ ਪਾਰ ਵੋਟਿੰਗ ਦਾ ਟੀਚਾ ਮਿੱਥਿਆ ਗਿਆ ਹੈ, ਇਸ ਲਈ ਜ਼ਿਲਾ੍ਹ ਚੋਣ ਦਫਤਰ ਤਰਨ ਤਾਰਨ ਵੱਲੋਂ ਚੋਣਾਂ ਨੂੰ ਲੈ ਕੇ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।ਸੰਦੀਪ ਕੁਮਾਰ ਨੇ ਦੱਸਿਆ ਚੋਣ ਅਮਲਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣਾ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਲਕੇ ਦੇ ਇੱਕ ਇੱਕ ਵੋਟਰ ਨੂੰ ਅਪੀਲ ਕਰਦਾ ਹੈ ਕਿ ਉਨਾਂ ਵੱਲੋਂ ਮਿਥੇ ਗਏ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਉਨਾਂ ਦਾ ਸਹਿਯੋਗ ਕਰਨ ਅਤੇ ਵੋਟਿੰਗ ਵਾਲੇ ਦਿਨ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਤੋਂ ਆਜ਼ਾਦੀ ਨਾ ਕਰਨ।ਸੰਦੀਪ ਕੁਮਾਰ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਬਜ਼ੁਰਗ ਤੇ ਦਿਵਿਆਂਗਜਨ ਵੋਟਰਾਂ ਦੀ ਸਹੂਲਤ ਲਈ ਚੋਣ ਦਫਤਰ ਵੱਲੋਂ ਹਰੇਕ ਪੋਲਿੰਗ ਬੂਥ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਜਿਹੜੇ ਬਜ਼ੁਰਗ ਵੋਟਰ 85 ਸਾਲ ਤੋਂ ਵੱਧ ਹਨ ਅਤੇ ਜਿਹੜੇ ਦਿਵਿਆਂਗਜਨ 40 ਫੀਸਦੀ ਤੋਂ ਵੱਧ ਪ੍ਰਭਾਵਿਤ ਹਨ ਤਾਂ ਉਨਾਂ ਨੂੰ ਆਉਣ-ਜਾਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜਿਹੜੇ ਬਜ਼ੁਰਗ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਵੱਲੋਂ ਘਰ ਤੋਂ ਵੋਟਿੰਗ ਦੀ ਸਹੂਲਤ ਲਈ ਲੋੜੀਂਦਾ ਫਾਰਮ 12 ਭਰਿਆ ਹੈ ਤਾਂ ਉਨਾਂ ਨੂੰ ਘਰ ਤੋਂ ਵੋਟਿੰਗ ਦੀ ਸਹੂਲਤ ਦਿੱਤੀ ਜਾਵੇਗੀ।