ਸੜਕ ਹਾਦਸੇ ਦੇ ਪੀੜਤ ਦੇ ਹੱਕ ਵਿੱਚ ਅਵਾਰਡ ਪਾਸ
ਫਤਹਿਗੜ੍ਹ ਸਾਹਿਬ, 27 ਜੁਲਾਈ ( ਵਿਕਾਸ ਮਠਾੜੂ, ਧਰਮਿੰਦਰ) -ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਦੀਪਤੀ ਗੋਇਲ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਪਿੰਡ ਕੋਟਲਾ ਬਜਵਾੜਾ ਦੀ ਵਾਸੀ ਸ਼੍ਰੀਮਤੀ ਰਾਜਿੰਦਰ ਕੌਰ ਜਿਨ੍ਹਾਂ ਦੇ ਪਤੀ ਅਵਤਾਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੀ 1460 ਰੁਪਏ ਦੀ ਬੀਮਾ ਰਾਸ਼ੀ ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਦੇ ਕੇ ਬੀਮਾ ਕਰਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ 350 ਰੁਪਏ ਦੀ ਵਾਧੂ ਬੀਮਾ ਰਾਸ਼ੀ ਕੰਪਨੀ ਨੂੰ ਦੇ ਕੇ ਮੋਟਰ ਸਾਈਕਲ ਦੇ ਮਾਲਕ ਡਰਾਇਵਰ ਦਾ 15 ਲੱਖ ਰੁਪਏ ਦਾ ਬੀਮਾ ਕਰਵਾਇਆ ਹੋਇਆ ਸੀ। ਰਾਜਿੰਦਰ ਕੌਰ ਨੇ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਪਤੀ ਦੀ ਮੌਤ ਤੇ ਬੀਮੇ ਦਾ ਕਲੇਮ ਲੈਣ ਲਈ ਵਾਰ-ਵਾਰ ਦਰਖਾਸਤ ਸਮੇਤ ਲੋੜੀਂਦੇ ਦਸਤਾਵੇਜ ਕੰਪਨੀ ਦੇ ਦਫਤਰ ਵਿੱਚ ਜਮ੍ਹਾ ਕਰਵਾਏ ਪਰੰਤੂ ਕੰਪਨੀ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾ ਨਾ ਕਰਵਾਉਣ ਅਤੇ ਅਵਤਾਰ ਸਿੰਘ ਦੀ ਮੌਤ ਹਾਦਸੇ ਕਾਰਨ ਨਹੀਂ ਸਗੋਂ ਦਿਲ ਦਾ ਦੌਰਾ ਪੈਣ ਕਾਰਨ ਹੋਣ ਦਾ ਦਾਅਵਾ ਕਰਕੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ।
ਸਕੱਤਰ ਨੇ ਹੋਰ ਦੱਸਿਆ ਕਿ ਰਾਜਿੰਦਰ ਕੌਰ ਨੇ ਆਪਣੇ ਵਕੀਲ ਰਾਹੀਂ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਲੈਣ ਲਈ ਸਥਾਈ ਲੋਕ ਅਦਾਲਤ ਫਤਹਿਗੜ੍ਹ ਸਾਹਿਬ ਵਿੱਚ ਦਰਖਾਸਤ 03 ਅਗਸਤ 2022 ਨੂੰ ਦਾਖਲ ਕੀਤੀ। ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਸਥਾਈ ਲੋਕ ਅਦਾਲਤ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਰਾਜਿੰਦਰ ਕੌਰ ਦੇ ਹੱਕ ਵਿੱਚ ਐਵਾਰਡ ਪਾਸ ਕਰਕੇ ਇਫਕੋ ਟੋਕੀਓ ਜਰਨਲ ਇੰਸ਼ੋਰੈਂਸ ਕੰਪਨੀ ਨੂੰ 15 ਲੱਖ ਰੁਪਏ ਦੇ ਬੀਮੇ ਦੀ ਰਾਸ਼ੀ ਦੀ ਅਦਾਇਗੀ ਦੇ ਨਾਲ-ਨਾਲ ਮੋਟਰਸਾਈਕਲ ਦੇ ਨੁਕਸਾਨ ਦੀ ਪੂਰਤੀ ਲਈ 12,400 ਰੁਪਏ ਦੇ ਬੀਮੇ ਦੀ ਰਕਮ ਹਾਦਸੇ ਦੀ ਮਿਤੀ ਤੋਂ ਅਦਾਇਗੀ ਦੀ ਮਿਤੀ ਤੱਕ 9 ਫੀਸਦੀ ਵਿਆਜ ਸਮੇਤ ਦੇਣ ਲਈ ਇੰਸ਼ੋਰੈਂਸ ਕੰਪਨੀ ਨੂੰ ਆਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਰਾਜਿੰਦਰ ਕੌਰ ਨੂੰ 10,000 ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਆਦੇਸ਼ ਦਿੱਤਾ ਗਿਆ। ਇੱਥੇ ਵਰਨਣਯੋਗ ਹੈ ਕਿ 19 ਅਪ੍ਰੈਲ 2021 ਨੂੰ ਸ. ਅਵਤਾਰ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਦੋਂ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਸ਼੍ਰੀਮਤੀ ਰਾਜਿੰਦਰ ਕੌਰ ਦੇ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਕਰੀਬ 11:45 ਵਜੇ ਜਦੋਂ ਉਹ ਪਿੰਡ ਅੱਤੇਵਾਲੀ ਦੇ ਟੀ ਪੁਆਇੰਟ ਮੁਹਾਦੀਆਂ ਵਿਖੇ ਪਹੁੰਚੇ ਤਾਂ ਫਤਹਿਗੜ੍ਹ ਸਾਹਿਬ ਵੱਲ੍ਹੋਂ ਇੱਕ ਤੇਜ਼ ਰਫਤਾਰ ਗਲਤ ਸਾਈਡ ਤੋਂ ਆ ਰਹੀ ਕਾਰ ਉਨ੍ਹਾਂ ਦੇ ਮੋਟਰਸਾਈਕਲ ਨਾਲ ਆ ਕੇ ਟਕਰਾਈ, ਜਿਸ ਨਾਲ ਸ.ਅਵਤਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰਾਜਿੰਦਰ ਕੌਰ ਸੜਕ ਤੇ ਡਿੱਗ ਪਏ ਅਤੇ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਇਸ ਤੋਂ ਇਲਾਵਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਸ਼੍ਰੀਮਤੀ ਰਾਜਿੰਦਰ ਕੌਰ ਦੇ ਵਕੀਲ ਨੇ ਅਦਾਲਤ ਨੂੰ ਹੋਰ ਦੱਸਿਆ ਕਿ ਸ.ਅਵਤਾਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ। ਜਿੱਥੋਂ ਉਨ੍ਹਾਂ ਨੂੰ ਸੋਹਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ 12 ਦਿਨ ਇਲਾਜ ਚੱਲਿਆ ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇਸ ਉਪਰੰਤ 18 ਮਈ 2021 ਨੂੰ ਅੰਦਰੂਨੀ ਗੰਭੀਰ ਸੱਟਾਂ ਕਾਰਨ ਮੁੜ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇੰਡਸ ਹਸਪਤਾਲ ਪੀਰਜੈਨ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਮਰ ਹਸਪਤਾਲ ਮੋਹਾਲੀ ਵਿਖੇ ਸ਼ਿਫਟ ਕੀਤਾ ਗਿਆ, ਉਸੇ ਰਾਤ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਈਡਨ ਕਰਿਟੀਕਲ ਕੇਅਰ ਹਸਪਤਾਲ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ 23.05.2021 ਨੂੰ ਦੇਹਾਂਤ ਹੋ ਗਿਆ।
ਸ਼੍ਰੀਮਤੀ ਰਾਜਿੰਦਰ ਕੌਰ ਦੇ ਵਕੀਲ ਨੇ ਹੋਰ ਦੱਸਿਆ ਕਿ 19.04.2021 ਨੂੰ ਜਦੋਂ ਹਾਦਸਾ ਹੋਇਆ ਸੀ ਤਾਂ ਉਸ ਸਬੰਧੀ ਪੁਲਿਸ ਸਟੇਸ਼ਨ ਫਤਹਿਗੜ੍ਹ ਸਾਹਿਬ ਵਿਖੇ ਐੱਫ.ਆਈ. ਆਰ ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀ ਨੂੰ ਵੀ ਇਸ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ, ਤਾਂ ਕੰਪਨੀ ਵੱਲ੍ਹੋਂ ਹਾਦਸੇ ਦੌਰਾਨ ਹੋਏ ਨੁਕਸਾਨ ਦੀ ਜਾਂਚ ਲਈ ਮੌਕੇ ਤੇ ਸਰਵੇਅਰ ਨੂੰ ਭੇਜਿਆ ਗਿਆ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਰਵੇਅਰ ਨੂੰ ਸਾਰੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਗਏ। ਇਸ ਦੇ ਬਾਵਜੂਦ ਸਰਵੇਅਰ ਵੱਲ੍ਹੋਂ ਵਾਰ-ਵਾਰ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਪੀੜਤ ਪਰਿਵਾਰ ਨੂੰ ਪੱਤਰ ਲਿਖੇ ਗਏ, ਪਰਿਵਾਰ ਦੇ ਮੈਂਬਰਾਂ ਨੇ ਜਦੋਂ ਸਬੰਧਿਤ ਸਰਵੇਅਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਆਪ ਵੱਲ੍ਹੋਂ ਦਿੱਤੇ ਗਏ ਦਸਤਾਵੇਜ ਗੁੰਮ ਹੋ ਗਏ ਹਨ, ਇਸ ਲਈ ਪਰਿਵਾਰ ਦੇ ਮੈਂਬਰਾਂ ਨੇ ਮੁੜ ਸਾਰੇ ਦਸਤਾਵੇਜਾਂ ਦੀਆਂ ਕਾਪੀਆਂ ਅਤੇ ਹੋਏ ਨੁਕਸਾਨ ਦਾ ਵੇਰਵਾ (ਐੱਮ.ਐੱਲ.ਆਰ) ਸਮੇਤ ਸਰਵੇਅਰ ਨੂੰ ਮੁਹੱਈਆ ਕਰਵਾਇਆ ਗਿਆ। ਇੱਥੇ ਦੱਸਣਯੋਗ ਹੈ ਕਿ ਰਾਜਿੰਦਰ ਕੌਰ ਦੇ ਵਕੀਲ ਨੇ ਬੀਮੇ ਦਾ ਕਲੇਮ ਲੈਣ ਲਈ ਸਾਰੇ ਲੋੜੀਂਦੇ ਦਸਤਾਵੇਜ ਜਿਨ੍ਹਾਂ ਵਿੱਚ ਸ.ਅਵਤਾਰ ਸਿੰਘ ਦਾ ਡਰਾਈਵਿੰਗ ਲਾਇਸੈਂਸ, ਉਨ੍ਹਾਂ ਦੇ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਅਤੇ ਅਵਤਾਰ ਸਿੰਘ ਦਾ ਮੌਤ ਦਾ ਸਰਟੀਫਿਕੇਟ ਅਤੇ ਮੌਤ ਦੇ ਕਾਰਨ ਸਬੰਧੀ ਵੱਖ-ਵੱਖ ਹਸਪਤਾਲਾਂ ਵਿੱਚ ਹੋਏ ਇਲਾਜ ਦੀ ਰਿਪੋਰਟ ਦੇ ਦਸਤਾਵੇਜ ਅਦਾਲਤ ਵਿੱਚ ਪੇਸ਼ ਕੀਤੇ ਗਏ। ਮੋਟਰ ਐਕਸੀਡੈਂਟਲ ਕਲੇਮ ਟ੍ਰਿਬਿਨਲ ਫਤਹਿਗੜ੍ਹ ਸਾਹਿਬ ਵੱਲ੍ਹੋਂ ਸ਼੍ਰੀਮਤੀ ਰਾਜਿੰਦਰ ਕੌਰ ਦੇ ਹੱਕ ਵਿੱਚ ਪਾਸ ਕੀਤੇ ਗਏ ਐਵਾਰਡ ਤੋਂ ਸਿੱਧ ਹੁੰਦਾ ਹੈ ਕਿ ਸੜਕ ਹਾਦਸੇ ਵਿੱਚ ਲੱਗੀਆਂ ਗੰਭੀਰ ਸੱਟਾਂ ਸ.ਅਵਤਾਰ ਸਿੰਘ ਦੀ ਮੌਤ ਦਾ ਕਾਰਨ ਬਣੀਆ। ਜਦੋਂ ਕਿ ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਦੇ ਵਕੀਲ ਕਲੇਮ ਦੇ ਦਸਤਾਵੇਜ ਸਮੇਂ ਸਿਰ ਕੰਪਨੀ ਵਿੱਚ ਨਾ ਪਹੁੰਚਣ ਦੇ ਸਬੂਤ ਨਹੀਂ ਪੇਸ਼ ਕਰ ਸਕੇ, ਇਸ ਤੋਂ ਇਲਾਵਾ ਉਹ ਇਹ ਵੀ ਸਾਬਤ ਨਹੀਂ ਕਰ ਸਕੇ ਕਿ ਅਵਤਾਰ ਸਿੰਘ ਦੀ ਮੌਤ ਹਾਦਸੇ ਵਿੱਚ ਲੱਗੀਆਂ ਸੱਟਾਂ ਕਾਰਨ ਨਹੀਂ ਹੋਈ। ਜਦੋਂ ਕਿ ਉਨ੍ਹਾਂ ਵੱਲ੍ਹੋਂ ਇਹ ਦਾਅਵਾ ਕੀਤਾ ਗਿਆ ਕਿ ਅਵਤਾਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਪਰੰਤੂ ਰਾਜਿੰਦਰ ਕੌਰ ਦੇ ਵਕੀਲ ਇਹ ਸਿੱਧ ਕਰਨ ਵਿੱਚ ਕਾਮਯਾਬ ਹੋਏ ਕਿ ਪੋਸਟਮਾਰਟਮ ਕੋਵਿਡ ਕਾਰਨ ਨਹੀਂ ਕੀਤਾ ਗਿਆ। ਕੰਪਨੀ ਦੇ ਵਕੀਲ ਇਹ ਵੀ ਕੋਈ ਸਬੂਤ ਨਹੀਂ ਦੇ ਸਕੇ ਕਿ ਅਵਤਾਰ ਸਿੰਘ ਪਹਿਲਾਂ ਤੋਂ ਹੀ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ।