ਜ਼ੀਰਾ (ਅਨਿੱਲ ਕੁਮਾਰ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਸਾਬਕਾ ਸਰਪੰਚ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਜਿਹੜਾ ਹੜ੍ਹਾਂ ਨਾਲ ਨੁਕਸਾਨ ਹੋਇਆ ਸੀ, ਉਸ ਦੇ ਬਦਲ ਲਈ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ‘ਚ ਕਿਸਾਨ ਦਰਿਆਈ ਖੇਤਰ ਵਾਲੀਆਂ ਜ਼ਮੀਨਾਂ ‘ਚ ਗੰਨੇ ਦੀ ਕਾਸਤ ਕਰਦੇ ਸਨ ਕਿਉਂਕਿ ਸੂਬੇ ਭਰ ਵਿੱਚ ਖੰਡ ਮਿੱਲਾਂ ਪੂਰੀ ਤਰ੍ਹਾਂ ਚੱਲਦੀਆਂ ਸਨ ਪਰ ਹੁਣ ਪੰਜਾਬ ਵਿੱਚ ਖੰਡ ਮਿੱਲਾਂ ਬੰਦ ਹੋਣ ਕਰ ਕੇ ਕਿਸਾਨਾਂ ਨੇ ਪੂਰੇ ਮਾਲਵਾ ਖਿੱਤੇ ਵਿੱਚੋਂ ਗੰਨੇ ਦੀ ਖੇਤੀ ਤੋਂ ਪਾਸਾ ਵੱਟ ਲਿਆ ਹੈ। ਜੇਕਰ ਸਤਲੁਜ ਦਰਿਆ ਅੰਦਰ ਵਾਲੀਆਂ ਜ਼ਮੀਨਾਂ ਵਿੱਚ ਗੰਨੇ ਦੀ ਕਾਸ਼ਤ ਕੀਤੀ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੋਂ ਹੱਥ ਨਾ ਧੋਣੇ ਪੈਂਦੇ ਕਿਉਂਕਿ ਕੁਝ ਹੱਦ ਤਕ ਪਾਣੀ ਦੀ ਮਾਰ ਨਾਲ ਵੀ ਗੰਨੇ ਦੀ ਫਸਲ ਬਚ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਜਿਹੜੀਆਂ ਖੰਡ ਮਿੱਲਾਂ ਬੰਦ ਪਈਆਂ ਹਨ, ਉਹ ਤੁਰੰਤ ਚਾਲੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਗੰਨੇ ਦੀ ਖੇਤੀ ਲਈ ਪੇ੍ਰਿਤ ਕੀਤਾ ਜਾਵੇ। ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਕਣਕ ਝੋਨੇ ਦਾ ਵਧੀਆ ਬਦਲ ਵੀ ਗੰਨੇ ਦੀ ਖੇਤੀ ਹੈ, ਚੰਗਾ ਮੁਨਾਫਾ ਵੀ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਪੰਜਾਬ ਲਈ ਨਵੀਂ ਕਿਸਾਨ ਪੱਖੀ ਖੇਤੀ-ਨੀਤੀ ਦਾ ਜਨਵਰੀ 2024 ਤਕ ਐਲਾਨ ਕੀਤਾ ਜਾਵੇ ਤਾਂ ਜੋ ਖੇਤੀ ਮਸਲੇ ਹੱਲ ਹੋ ਸਕਣ ਅਤੇ ਖੇਤੀ ਖੇਤਰ ਨੂੰ ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਂਕ ਅਤੇ ਕਾਰਪੋਰੇਟਾਂ ਦੇ ਪੰਜੇ ਵਿਚੋਂ ਮੁਕਤ ਕਰਵਾਇਆ ਜਾਵੇ।