ਜੀਂਦ, 24 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ।ਇਹ ਹਾਦਸਾ ਜੀਂਦ ਕੈਥਲ ਰੋਡ ‘ਤੇ ਪਿੰਡ ਕੰਡੇਲਾ ਨੇੜੇ ਵਾਪਰਿਆ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਿਦੁਆਰ ਤੋਂ ਵਾਪਸ ਆ ਰਹੇ ਸਨ।ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਫੁੱਲਾਂ ਨੂੰ ਵਿਸਰਜਤ ਕਰਕੇ ਵਾਪਸ ਪਰਤ ਰਹੇ ਸਨ।ਪਰਤਦੇ ਸਮੇਂ ਟਰੱਕ ਅਤੇ ਪਿਕਅੱਪ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।ਸਾਰੇ ਮ੍ਰਿਤਕ ਹਿਸਾਰ ਦੇ ਨਾਰਨੌਦ ਦੇ ਦੱਸੇ ਜਾ ਰਹੇ ਹਨ।ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜੀਂਦ ਜਨਰਲ ਹਸਪਤਾਲ ਲਿਆਂਦਾ ਗਿਆ ਹੈ।ਇਸ ਦੇ ਨਾਲ ਹੀ ਹਾਦਸੇ ‘ਚ ਜ਼ਖਮੀ ਹੋਏ ਕੁਝ ਲੋਕਾਂ ਨੂੰ ਪੀ.ਜੀ.ਆਈ.ਰੈਫਰ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਪਿਆਰੇਲਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ 23 ਮੈਂਬਰ ਅਸਥੀਆਂ ਵਿਸਰਜਣ ਲਈ ਹਰਿਦੁਆਰ ਗਏ ਸਨ। ਮੰਗਲਵਾਰ ਸਵੇਰੇ ਸਾਰੇ ਲੋਕ ਪਿਕਅੱਪ ਕਾਰ ਰਾਹੀਂ ਘਰ ਪਰਤ ਰਹੇ ਸਨ। ਜੀਂਦ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਪਿੰਡ ਕੰਡੇਲਾ ਲਕਸ਼ੈ ਪਲਾਂਟ ਨੇੜੇ ਜੀਂਦ ਸਾਈਡ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਪਿੱਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ,ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਪਿਕਅੱਪ ‘ਤੇ ਸਵਾਰ 17 ਹੋਰ ਲੋਕ ਵੀ ਇਸ ਹਾਦਸੇ ‘ਚ ਜ਼ਖਮੀ ਹੋ ਗਏ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।ਜ਼ਖਮੀਆਂ ਨੂੰ ਇਲਾਜ ਲਈ ਜਨਰਲ ਹਸਪਤਾਲ ਲਿਜਾਇਆ ਗਿਆ।ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
