ਨਵਾਂਸ਼ਹਿਰ, 16 ਅਪ੍ਰੈਲ (ਰਾਜੇਸ਼ ਜੈਨ – ਰੋਹਿਤ) : ਲੋਕਤੰਤਰ ਨੂੰ ਮਜਬੂਤ ਕਰਨ ਲਈ ਹਰੇਕ ਵੋਟ ਅਹਿਮ ਭੂਮਿਕਾ ਨਿਭਾਉਂਦੀ ਹੈ, ਅਸੀਂ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਸਹੀ ਨੇਤਾ ਚੁਣ ਸਕਦੇ ਹਾਂ, ਜੋ ਦੇਸ਼ ਦੀ ਉਨੱਤੀ ਦੇ ਲਈ ਕੰਮ ਕਰਦਾ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਵੀਪ ਪ੍ਰੋਗਰਾਮ ਦੇ ਵਿੱਚ ਵਿਚਾਰ ਪ੍ਰਗਟ ਕੀਤੇ।ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਲਜ ਗਰਾਊਂਡ ਵਿਖੇ ਗੁਬਾਰੇ ਛੱਡ ਕੇ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਪੇ.ਵਿ.) ਸਾਗਰ ਸੇਤੀਆ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਬਲਾਚੌਰ ਰਵਿੰਦਰ ਬੰਸਲ, ਸਹਾਇਕ ਕਮਿਸ਼ਨਰ ਜਨਰਲ ਡਾ. ਗੁਰਲੀਨ ਕੌਰ, ਗੁੱਡ ਗਵਰਨਸ ਫੈਲੋ ਮੈਡਮ ਅਸਮੀਤਾ ਅਤੇ ਕਾਲਜ ਪ੍ਰਿੰਸੀਪਲ ਸੰਜੀਵ ਡਾਵਰ ਵੀ ਮੌਜੂਦ ਸਨ।ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਵੱਧ ਤੋਂ ਵੱਧ ਸਵੀਪ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇੰਨ੍ਹਾਂ ਪ੍ਰੋਗਰਾਮ ਨੂੰ ਕਰਵਾਉਣ ਦਾ ਉਦੇਸ਼ ਇਹ ਹੈ ਕਿ ਇੱਕ ਤਾਂ ਬੱਚਿਆਂ ਨੂੰ ਲੋਕਤੰਤਰ ਅਤੇ ਵੋਟ ਦੀ ਅਹਿਮਿਅਤ ਦਾ ਪਤਾ ਲੱਗਦਾ ਹੈ, ਦੂਸਰਾ ਬੱਚੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇੱਕ ਸੁਜਵਾਨ ਨੇਤਾ ਦੀ ਚੋਣ ਕਰਨੀ ਚਾਹੀਦੀ ਹੈ। ਇਸ ਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 75 ਫੀਸਦੀ ਤੋਂ ਵੱਧ ਵੋਟਿੰਗ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਆਪਣੀ ਵੋਟ ਦਾ ਇਸਤੇਮਾਲ ਕਰੀਏ।ਇਸ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਜੈਸਮੀਨ, ਨਵੀ, ਨੰਦਨੀ ਸ਼ਰਮਾ, ਭੂਵਨੇਸ਼ਵਰੀ ਨੇ ਗੀਤ ਅਤੇ ਕਵੀਤਾਵਾਂ ਰਾਹੀਂ ਨੌਜਵਾਨਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕੀਤਾ। ਨੋਡਲ ਅਫ਼ਸਰ ਸਵੀਪ ਨਵਾਂਸ਼ਹਿਰ ਤਰਸੇਮ ਲਾਲ ਨੇ ਵੀ ਜ਼ਿਲ੍ਹੇ ਵਿੱਚ 75 ਪ੍ਰਤੀਸ਼ਤ ਵੋਟ ਪਾਉਣ ਦਾ ਟੀਚਾ ਹਾਸਲ ਕਰਨ ਦੇ ਲਈ ਸਾਰਿਆਂ ਨੂੰ ਵੋਟ ਪਾਉਣ ਦੇ ਲਈ ਜਾਗਰੂਕ ਕੀਤਾ। ਇਸ ਤੋਂ ਬਾਅਦ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਸਵੀਪ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਬਹੁਤ ਮਿਹਨਤ ਨਾਲ ਇਹ ਪ੍ਰੋਗਰਾਮ ਉਲਿਕਿਆ ਗਿਆ ਹੈ ਜਿਸ ਦੇ ਵਿੱਚ 2000 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਇਹ ਵੀ ਸਾਰੀਆ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਦੇ ਹੋਏ ਰੱਖੇ ਗਏ ਟੀਚੇ ਨੂੰ ਹਾਸਲ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ‘ਤੇ ਸਹਾਇਕ ਨੋਡਲ ਅਫ਼ਸਰ ਸਵੀਪ ਸਤਨਾਮ ਸਿੰਘ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ।