Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਇੱਕ ਦੇਸ਼ ਇੱਕ ਕਾਨੂੰਨ ਬਨਾਮ ਸ਼੍ਰੋਮਣੀ ਅਕਾਲੀ ਦਲ

ਨਾਂ ਮੈਂ ਕੋਈ ਝੂਠ ਬੋਲਿਆ..?
ਇੱਕ ਦੇਸ਼ ਇੱਕ ਕਾਨੂੰਨ ਬਨਾਮ ਸ਼੍ਰੋਮਣੀ ਅਕਾਲੀ ਦਲ

41
0


ਕੇਂਦਰ ਸਰਕਾਰ ਵਲੋਂ ਇਸ ਸਮੇਂ ਸਮੁੱਚੇ ਦੇਸ਼ ਵਿਚ ‘‘ ਇਕ ਦੇਸ਼ ਇਕ ਕਾਨੂੰਨ ’’ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਲਈ ਯੋਜਨਾ ਚੱਲ ਰਹੀ ਹੈ। ਜਿਸਨੂੰ ਲੈ ਕੇ ਪੂਰੇ ਦੇਸ਼ ਵਿਚ ਘਮਾਸਾਨ ਮੱਚਿਆ ਹੋਇਆ ਹੈ। ਬਹੁਤੀਆਂ ਰਾਜਨੀਤਿਕ ਪਾਰਟੀਆਂ ਇਸ ਕਾਨੂੰਨ ਦੇ ਹੱਕ ਵਿਚ ਨਹੀਂ ਹਨ। ਪਰ ਉਸਦੇ ਬਾਵਜੂਦ ਕੇਂਦਰ ਇਸ ਤੇ ਲਗਾਤਾਰ ਕੰਮ ਕਰ ਰਿਹਾ ਹੈ। ਦੇਸ਼ ਵਿਚ ਜਿਆਦਾਤਰ ਖੇਤਰੀ ਪਾਰਟੀਆਂ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਜਿਨ੍ਹਾਂ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਇਸੇ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਪਾਰਟੀਆਂ ਵਿਚਾਲੇ ਗਠਜੋੜ ਦਾ ਦੌਰ ਚੱਲ ਰਿਹਾ ਹੈ। ਜਿਸ ਤਹਿਤ ਮੁੜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਣ ਜਾ ਰਿਹਾ ਹੈ। ਜਿਸ ਨਾਲ ਦੋਵੇ ਪਾਰਟੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰੋਂ ਪੂਰੀ ਤਰ੍ਹਾਂ ਨਾਲ ਸਹਿਮਤ ਹੈ ਪਰ ਉਪਰੋਂ ਲੋਕਾਂ ਦੀ ਨਬਜ਼ ਨੂੰ ਟਟੋਲਣ ਲਈ ਗਠਜੋੜ ਕਰਨ ਤੋਂ ਇਨਕਾਰ ਕਰ ਰਹੀਆਂ ਹਨ। ਹੁਣ ਜਿੱਥੇ ਪੰਜਾਬ ਦੇ ਹਿਤਾਂ ਦੀ ਗੱਲ ਕਰੀਏ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਲਈ ਭਾਜਪਾ ਨਾਲ ਗਠਜੋੜ ਗਲੇ ਦੀ ਹੱਡੀ ਬਣੇਗਾ। ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਕਾਨੂੰਨ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿੱਚ ਧਾਰਮਿਕ ਤੌਰ ਤੇ ਅਤੇ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਤੋਂ ਬੈਕਫੁੱਟ ਤੇ ਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਕੌਮ ਦੇ ਹਿੱਤਾਂ ਦੀ ਰਖਵਾਲੀ ਕਰਨ ਦਾ ਦਮ ਭਰਦਾ ਹੈ। ਅਜਿਹੇ ਹਾਲਾਤਾਂ ਵਿਚ ਇਕ ਗਲਤ ਕਦਮ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਭਾਰੀ ਪਏਗਾ। ਪੰਜਾਬ ਵਿੱਚ ਸਿੱਖ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਗੱਲ ਪਿਛਲੇ ਲੰਬੇ ਸਮੇਂ ਤੋ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਲਈ ਸਭ ਤੋਂ ਵੱਧ ਯਤਨਸ਼ੀਲ ਹੈ। ਯੂਨੀਫਾਰਮ ਸਿਵਿਲ ਕੋਡ ਲਾਗੂ ਹੋਣ ਨਾਲ ਸਿੱਖ ਅਨੰਦ ਮੈਰਿਜ ਐਕਟ ਲਾਗੂ ਹੋਣਾ ਨਾਮੁਮਕਿਨ ਹੋ ਜਾਵੇਗਾ। ਇਸ ਸੰਬੰਧ ਵਿਚ ਟੀਵੀ ਚੈਨਲਾਂ ਤੇ ਹੋਣ ਵਾਲੀ ਬਹਿਸ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਵੱਲੋਂ ਲਿਆਂਦੇ ਜਾਣ ਵਾਲੇ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ ਹੈ ਅਤੇ ਇਸ ਵਿੱਚ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਬਿਨ੍ਹਾਂ ਕਿਸੇ ਧਾਰਮਿਕ ਜਾਂ ਖੇਤਰੀ ਪਾਰਟੀ ਦੀ ਰਾਇ ਲਏ ਬਗੈਰ ਹੀ ਇਸ ਕਾਨੂੰਨ ਨੂੰ ਥੋਪ ਰਹੀ ਹੈ।? ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਜੇਕਰ ਭਾਜਪਾ ਨਾਲ ਗਠਜੋੜ ਕਰਦਾ ਹੈ ਤਾਂ ਉਹ ਇਸ ਕਾਨੂੰਨ ਨੂੰ ਰੋਕਣ ਲਈ ਉਸਦਾ ਵਿਰੋਧ ਕਰਨ ਲਈ ਭਾਜਪਾ ਨੂੰ ਕਹਿ ਸਕੇਗਾ ? ਅਕਾਲੀ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਕਾਰ ਕਈ ਮੱਤਭੇਦ ਵੀ ਸਾਹਮਣੇ ਆ ਗਏ ਹਨ। ਭਾਵੇਂ ਗਠਜੋੜ ਦੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਪੰਜਾਬ ਵਿਰੋਧੀ ਕਿਸੇ ਵੀ ਫੈਸਲੇ ਤੇ ਬੋਲਣ ਦੀ ਬਜਾਏ ਅੱਖਾਂ ਬੰਦ ਕਰਦਾ ਰਿਹਾ ਹੈ ਪਰ ਹੁਣ ਸਥਿਤੀ ਉਹ ਨਹੀਂ ਹੈ। ਹੁਣ ਦੋਵੇਂ ਸਿਆਸੀ ਪਾਰਟੀਆਂ ਨੂੰ ਸਿਆਸੀ ਮੈਦਾਨ ਵਿੱਚ ਆਹਮੋ-ਸਾਹਮਣੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਲਈ ਆਵਾਜ਼ ਬੁਲੰਦ ਕਰਨੀ ਪਏਗੀ। ਇਸ ਵਾਰ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਨਾਲ ਸਮਝੌਤਾ ਕਰਨਾ ਸ਼੍ਰੋਮਣੀ ਅਕਾਲੀ ਦਲ ਲਈ ਭਾਰੀ ਹੋਵੇਗਾ ਅਤੇ ਜੋ ਕੁਝ ਪੁਜੀਸ਼ਨ ਪੰਜਾਬ ਵਿਚ ਰਾਜਨੀਤਿਕ ਤੌਰ ਤੇ ਅਕਾਲੀ ਦਲ ਦੀ ਫਿਰ ਤੋਂ ਬਣ ਰਹੀ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਭਾਜਪਾ ਨਾਲ ਗਠਜੋੜ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿਤਾਂ ਦੀ ਰਖਵਾਲੀ ਕਰਦਾ ਹੈ ਜਾਂ ਰਾਜਨੀਤਿਕ ਲਾਭ ਲਈ ਭਾਜਪਾ ਅੱਗੇ ਗੋਡੇ ਟੇਕ ਕੇ ਸਮਝੌਤਾ ਕਰ ਲੈਂਦਾ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here