ਜਗਰਾਉਂ 21 ਫਰਵਰੀ-( ਵਿਕਾਸ ਮਠਾੜੂ )-ਮਾਤ ਭਾਸ਼ਾ ਦਿਵਸ ਮੌਕੇ ਸਾਹਿਤ ਸਭਾ ਜਗਰਾਉਂ ਨੇ ਪੰਜਾਬੀ ਮਾਂ ਬੋਲੀ ਨੂੰ ਸਵਿਧਾਨਕ ਹੱਕ ਦੇਣ ਦੀ ਮੰਗ ਕੀਤੀ।ਸਾਹਿਤ ਸਭਾ ਜਗਰਾਉਂ ਵਲੋਂ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਮੰਗ ਪੱਤਰ ਸੌਂਪਿਆ। ਸਭਾ ਨੇ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਸਵਿਧਾਨਕ ਹੱਕ ਦਿੱਤਾ ਜਾਵੇ।ਇਕ ਸਾਂਝੇ ਬਿਆਨ ਵਿੱਚ ਸਭਾ ਦੇ ਪ੍ਰਧਾਨ ਅਵਤਾਰ ਸਿੰਘ,ਰਾਜਦੀਪ ਸਿੰਘ ਤੂਰ,ਗੂਰਜੀਤ ਸਿੰਘ ਸਹੋਤਾ ਤੇ ਕੁਲਦੀਪ ਸਿੰਘ ਲੋਹਟ ਨੇ ਆਖਿਆ ਕਿ ਅਦਾਲਤਾਂ ਦਾ ਕੰਮ ਕਾਜ ਪੰਜਾਬੀ ਵਿੱਚ ਕੀਤਾ ਜਾਵੇ ਤੇ ਕਾਲਜਾਂ, ਸਕੂਲਾਂ ਵਿੱਚ ਪੰਜਾਬੀ ਜ਼ੁਬਾਨ ਨੂੰ ਤਰਜੀਹੀ ਤੌਰ’ਤੇ ਬਣਦਾ ਸਤਿਕਾਰ ਦਿੱਤਾ ਜਾਵੇ।ਇਸ ਦੌਰਾਨ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਹਿਤਕਾਰਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਉਚੇਚੇ ਤੌਰ’ਤੇ ਨਵੇਂ ਲੇਖਕਾਂ ਨੂੰ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ।ਇਸ ਮੌਕੇ ਡਾ.ਦਲਜੀਤ ਕੌਰ ਹਠੂਰ,ਡਾ.ਸਰਵਜੀਤ ਕੌਰ ਬਰਾੜ, ਸੱਤਪਾਲ ਸਿੰਘ ਦੇਹੜਕਾ ਤੇ ਧਰਮਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ।