ਦੇਸ਼ ਦੀ ਰਾਜਨੀਤੀ ਵਿੱਚ ਅਕਸਰ ਵੱਡੇ-ਵੱਡੇ ਲੀਡਰਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਅਤੇ ਉਹ ਭਾਸ਼ਾ ਦੀ ਮਰਿਯਾਦਾ ਅਤੇ ਮਾਣ-ਸਨਮਾਨ ਨੂੰ ਭੁੱਲ ਕੇ ਕਈ ਵਾਰ ਅਜਿਹੇ ਸ਼ਬਦ ਬੋਲ ਜਾਂਦੇ ਹਨ, ਜੋ ਬਾਅਦ ਵਿੱਚ ਉਨ੍ਹਾਂ ਲਈ ਭਾਰੀ ਨਮੋਸ਼ੀ ਦਾ ਕਾਰਨ ਬਣਦੇ ਹਨ। ਅਜਿਹਾ ਅਕਸਰ ਦੇਸ਼ ਅੰਦਰ ਹੋਣ ਵਾਲੀਆਂ ਵੱਖ ਵੱਖ ਚੋਣਾਂ ਸਮੇਂ ਦੇਖਣ ਨੂੰ ਮਿਲਦਾ ਹੈ ਜਦੋਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਵੱਡੇ ਨੇਤਾ ਆਪਣੇ ਆਪ ਨੂੰ ਉੱਚਾ ਅਤੇ ਪ੍ਰਭਾਵਸ਼ਾਲੀ ਦਿਖਾਉਣ ਲਈ ਦੂਜੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਸ਼ਾਨ ਵਿਚ ਮੰਦੀ ਸ਼ਬਦਾਬਲੀ ਦਾ ਉਪਯੋਗ ਕਰਦੇ ਹਨ। ਪਿਛਲੇ ਸਮੇਂ ਵਿਚ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੂੰ, ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਨੀਵਾਂ ਦਿਥਾਉਣ ਦੇ ਇਰਾਦੇ ਨਾਲ ਭਾਜਪਾ ਦੀ ਉੱਚ ਲੀਡਰਸ਼ਿਪ ਵਲੋਂ ਕਈ ਵਾਰ ਮਾੜੀ ਸ਼ਬਦਾਬਲੀ ਦਾ ਉਪਯੋਗ ਕੀਤਾ ਗਿਆ। ਪਿਛਲੇ ਦਿਨੀਂ ਤਾਂ ਰਾਹੁਲ ਗਾਂਧੀ ਨੂੰ ਸੱਦਾਮ ਹੁਸੈਨ ਵਰਗਾ ਕਹਿ ਕੇ ਹੀ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਹੁਣ ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਣਾ ਰਾਵਣ ਨਾਲ ਕੀਤੀ ਹੈ। ਅਜਿਹੀ ਬਿਆਨਬਾਜੀ ਨਾਲ ਦੇਸ਼ ਵਿੱਚ ਪ੍ਰਤੀਕਰਮ ਤਾਂ ਹੁੰਦਾ ਹੀ ਹੈ ਸਗੋਂ ਵਿਦੇਸ਼ਾਂ ’ਚ ਅਜਿਹੇ ਬਿਆਨਾ ਦੀ ਚਰਚਾ ਹੁੰਦੀ ਹੈ। ਜਿਸ ਕਾਰਨ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ ਹੀ ਨੁਕਸਾਨ ਹੁੰਦਾ ਹੈ ਬਲਕਿ ਭਾਰਤ ਦੇ ਰੁਤਬੇ ਨੂੰ ਠੇਸ ਪਹੁੰਚਦੀ ਹੈ। ਵੈਸੇ ਵੀ ਭਾਰਤ ਮਰਿਯਾਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ, ਗੁਰੂੱਾਂ, ਪੀਰਾਂ ਅਤੇ ਪੈਗੰਬਰਾਂ ਦਾ ਦੇਸ਼ ਹੈ ਅਤੇ ਉਨ੍ਹਾਂ ਵਲੋਂ ਹਮੇਸ਼ਾ ਹੀ ਚੰਗੀ ਅਤੇ ਪਿਆਰ ਸਤਿਕਾਰ ਵਾਲੀ ਭਾਸ਼ਾ ਦਾ ਉਪਯੋਗ ਕਰਨ ਦਾ ਹੀ ਸੰਦੇਸ਼ ਦਿਤਾ ਗਿਆ ਹੈ। ਸਾਡੇ ਪੂਰਵਜਾਂ ਨੇ ਵੀ ਮਹਾਪੁਰਖਾਂ ਦੇ ਉਪਦੇਸ਼ਾਂ ਸਦਕਾ ਨਿਮਰਤਾ ਦਾ ਪੱਲਾ ਫੜਿਆ। ਪਰ ਹੁਣ ਬਦਲਦੇ ਜ਼ਮਾਨੇ ਅਨੁਸਾਰ ਰਾਜਨੀਤੀ ਇੱਕ ਅਜਿਹਾ ਖੇਤਰ ਬਣ ਗਈ ਹੈ, ਜਿਸ ਵਿੱਚ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਦੂਜਿਆਂ ਨੂੰ ਜ਼ਲੀਲ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਸਟੇਜਾਂ ’ਤੇ ਜਾਂ ਹੋਰ ਪਲੇਟ ਫਾਰਮਾਂ ਤੇ ਅਕਸਰ ਸਿਆਸੀ ਲੋਕ ਇੱਕ ਦੂਜੇ ਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਭਾਵੇਂ ਉਸਤੋਂ ਬਾਅਦ ਇੱਕ ਥਾਂ ’ਤੇ ਇਕੱਠੇ ਹੋ ਕੇ ਖਾਣ-ਪੀਣ ਦਾ ਆਨੰਦ ਮਾਣਦੇ ਹਨ। ਪਰ ਮੰਦੀ ਭਾਸ਼ਾ ਦਾ ਉਪਯੋਗ ਇਕ ਦੂਸਰੇ ਪ੍ਰਤੀ ਕਰਕੇ ਨੂੰ ਨੀਵਾਂ ਦਿਖਾ ਕੇ ਖੁਦ ਉੱਚਾ ਉੱਠਣ ਦੀ ਕੋਸ਼ਿਸ਼ ਕਰਦੇ ਹਨ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸਿਆਸੀ ਲੋਕਾਂ ਤੋਂ ਇਲਾਵਾ ਸਾਡੀ ਨਿੱਜੀ ਜ਼ਿੰਦਗੀ ਵਿਚ ਕਈ ਅਜਿਹੇ ਲੋਕ ਸਾਡੇ ਸਾਹਮਣੇ ਆਉਂਦੇ ਹਨ, ਜੋ ਇਕ-ਦੂਜੇ ਪ੍ਰਤੀ ਮੰਦੀ ਭਾਸ਼ਾ ਅਤੇ ਬੁਰਾ ਵਿਵਹਾਰ ਕਰਦੇ ਹਨ ਅਤੇ ਭਾਸ਼ਾ ਦੀ ਮਰਿਯਾਦਾ ਭੁੱਲ ਜਾਂਦੇ ਹਨ। ਪੰਜਾਬੀ ਦੀ ਕਹਾਵਤ ਹੈ ਕਿ ‘‘ ਤੀਰ ਅਤੇ ਤਲਵਾਰ ਨਾਲ ਲੱਗੇ ਜ਼ਖ਼ਮ ਸਮੇਂ ਦੇ ਨਾਲ ਠੀਕ ਹੋ ਜਾਂਦੇ ਹਨ, ਪਰ ਜ਼ੁਬਾਨ ਹੋਏ ਜ਼ਖਮ ਕਦੇ ਵੀ ਨਹੀਂ ਭਰਦੇ ’’ ਇਸ ਲਈ ਹਮੇਸ਼ਾ ਜ਼ੁਬਾਨ ਦੀ ਮਰਿਯਾਦਾ ਅਤੇ ਮਾਣ-ਸਨਮਾਨ ਦਾ ਧਿਆਨ ਰੱਖ ਕੇ ਸਫਲਤਾ ਦੀ ਉਂਚਾਈ ਤੱਕ ਪਹੁੰਚਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਮਾੜਾ ਵਿਵਹਾਰ, ਮੰਦੀ ਭਾਸ਼ਾ ਅਤੇ ਹਰਾਮਖੋਰੀ ਦੀ ਕਮਾਈ ਨਾਲ ਛੂਹਿਆ ਆਸਮਾਨ ਜਦੋਂ ਆਪਣਾ ਥਾਂ ਖਾਲੀ ਕਰਦਾ ਹੈ ਤਾਂ ਉਥੋਂ ਡਿੱਗਣ ਵਾਲੇ ਨੂੰ ਹੇਠਾਂ ਬਚਾਉਣ ਲਈ ਕੋਈ ਹੱਥ ਅੱਗੇ ਨਹੀਂ ਆਉਂਦਾ। ਪਰ ਪਿਆਰ ਸਤਿਕਾਰ ਅਤੇ ਭਾਸ਼ਾ ਦੀ ਮਾਣ ਮਰਿਯਾਦਾ ਵਿਚ ਰਹਿ ਕੇ ਸਾਫ ਸੁਥਰੀ ਕਮਾਈ ਕਰਨ ਵਾਲੇ ਨੂੰ ਜਦੋਂ ਸਫਲਤਾ ਮਿਲਦੀ ਹੈ ਤਾਂ ਭਗਵਾਨ ਉਸਨੂੰ ਕਦੇ ਡਿੱਗਣ ਨਹੀਂ ਦਿੰਦਾ। ਜੇਕਰ ਕਿਸੇ ਕਾਰਨ ਵਸ਼ ਹੇਠਾਂ ਡਿੱਗ ਵੀ ਪਏ ਤਾਂ ਉਸਦੇ ਬਚਾਅ ਲਈ ਹਜਾਰਾਂ ਹੱਥ ਅੱਗੇ ਵਧਦੇ ਹਨ।
ਹਰਵਿੰਦਰ ਸਿੰਘ ਸੱਗੂ ।