ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਮੰਚ ’ਤੇ ਇਕੱਠੇ ਹੋਣ ਵਾਲੀਆਂ ਸਾਰੀਆਂ ਵਿਰੋਧੀ ਧਿਰਾਂ ਦਾ ਇੰਡੀਆ ਗਠਦੋੜ ਸ਼ੁਰੂ ਤੋਂ ਹੀ ਖੂਬ ਚਰਚਾ ਵਿਚ ਚਲਿਆ ਆ ਰਿਹਾ ਹੈ। ਇਹ ਗਠਜੋੜ ਫਿਲਹਾਲ ਕਿਸੇ ਵੀ ਮੰਜ਼ਿਲ ’ਤੇ ਆਸਾਨੀ ਨਾਲ ਪਹੁੰਚਦਾ ਨਜ਼ਰ ਨਹੀਂ ਆ ਰਿਹਾ ਹੈ, ਇਸ ਗਠਜੋੜ ਦਾ ਰਸਤਾ ਪਥਰੀਲਾ ਅਤੇ ਕਡਿਆ ਨਾਲ ਭਰਿਆ ਹੋਇਆ ਹੈ। ਜਿਸਨੂੰ ਪਾਰ ਕਰਨਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਗਠਜੋੜ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਵਿੱਚ ਸਫ਼ਲਤਾ ਹਾਸਲ ਹੋਣ ਵਿਚ ਸਮਾਂ ਲੱਗ ਰਿਹਾ ਹੈ। ਭਾਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਆ ਗਠਜੋੜ ਇੱਕਠੇ ਹੋ ਕੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਸਾਂਝੇ ਤੌਰ ’ਤੇ ਲੜੇਗਾ ਅਤੇ ਚੋਣ ਜਿੱਤਣਗੇ। ਪਰ ਇਸ ਸਮੇਂ ਇਕੱਠੇ ਸਹਿਮਤੀ ਨਾਲ ਚੋਣਾਂ ਲੜਣੀਆਂ ਵੀ ਸਵਾਲਾਂ ਦੇ ਘੇਰੇ ਵਿਚ ਹਨ ਜਿਸ ਨਾਲ ਜਿੱਤ ਦੀ ਸੰਭਾਵਨਾ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਗਠਜੋੜ ਦੀ ਪਹਿਲੀ ਬੈਠਕ ਹੋਈ। ਇਸ ਬੈਠਕ ’ਚ ਲਗਭਗ ਸਾਰੀਆਂ ਪਾਰਟੀਆਂ ਦੇ ਨੇਤਾ ਪਹੁੰਚੇ ਸਨ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਵੀ ਇਹ ਮੀਟਿੰਗ ਬੁਲਾਈ ਗਈ ਸੀ ਪਰ ਬਹੁਤੇ ਮੈਂਬਰਾਂ ਵਲੋਂ ਆਨਾਕਾਨੀ ਕਰਨ ਤੇ ਬੈਠਕ ਨਹੀਂ ਹੋ ਸਕੀ। ਹੁਣ ਹੌਲੀ-ਹੌਲੀ ਗੱਡੀ ਪਟੜੀ ’ਤੇ ਆਈ ਤਾਂ ਇਸ ਬੈਠਕ ਰਾਹੀਂ ਅਗਲੇਰੀ ਰਣਨੀਤੀ ਤੇ ਵਿਚਾਰ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਭਾਜਪਾ ਵੱਲੋਂ ਸੰਸਦ ਦੇ ਦੋਵਾਂ ਸਦਨਾਂ ’ਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ’ਤੇ ਵੀ ਚਰਚਾ ਹੋਈ ਸੀ। ਇਸ ਮੀਟਿੰਗ ਵਿਚ ਇਕ ਅਹਿਮ ਗੱਲ ਜੋ ਸਾਹਮਣੇ ਆਈ ਉਸ ਵਿਚ ਰਾਹੁਲ ਗਾਂਧੀ ਨੂੰ ਦਰਕਿਨਾਰ ਕਰਕੇ ਮਮਤਾ ਬੈਨਰਜੀ ਵੱਲੋਂ ਮਲਿਕਾਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਦਿਤਾ ਅਤੇ ਉਸਦੀ ਪ੍ਰੋੜਤਾ ਅਰਵਿੰਦ ਕੇਜਰੀਵਾਲ ਵੋਲੰ ਕਰ ਦਿਤੀ ਗਈ। ਪਰ ਇਹ ਪ੍ਰਸਤਾਵ ਗਠਬੰਧਨ ਦੇ ਕਈ ਵੱਡੇ ਆਗੂਆਂ ਨੂੰ ਰਾਸ ਨਹੀਂ ਆਇਆ। ਇਸ ਲਈ ਇਸ ਪ੍ਰਸਤਾਵ ਨੂੰ ਇਹ ਕਹਿ ਕੇ ਟਾਲ ਦਿਤਾ ਗਿਆ ਕਿ ਫਿਲਹਾਲ ਸਾਂਝੇ ਤੌਰ ਤੇ ਇਕ ਰਾਇ ਬਣਾ ਕੇ ਚੋਣਾਂ ਲੜਣੀਆਂ ਅਤੇ ਜਿੱਤ ਹਾਸਿਲ ਕਰਨੀ ਮੁੱਖ ਏਜੰਡਾ ਹੈ, ਪ੍ਰਦਾਨ ਮੰਤਰੀ ਕੌਣ ਹਵੇਗਾ ਇਹ ਬਾਅਦ ਦੀ ਗੱਲ ਹੈ। ਹੁਣ ਮਾਮਲਾ ਸੀਟਾਂ ਦੀ ਵੰਡ ਨੂੰ ਲੈ ਕੇ ਸਾਹਮਣੇ ਖੜਾ ਹੈ। ਗਠਜੋੜ ਲਈ ਇਹ ਸਭ ਤੋਂ ਵੱਡਾ ਇਮਤਿਹਾਨ ਹੈ ਜਿਸ ਨੂੰ ਆਸਾਨੀ ਨਾਲ ਪਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉੱਤਰ ਪ੍ਰਦੇਸ਼, ਬੰਗਾਲ ਅਤੇ ਬਿਹਾਰ ਤਿੰਨ ਵੱਡੇ ਰਾਜ ਹਨ ਜਿੱਥੇ ਕਾਂਗਰਸ ਨੇ ਆਪਣੀ ਜਮੀਨ ਗਵਾ ਚੁੱਕੀ ਹੈ ਪਰ ਉਸਦੇ ਬਾਵਜੂਦ ਵੀ ਕਾਂਗਰਸ ਉਥੇ ਬਰਾਬਰ ਦੀ ਭਾਈਵਾਲੀ ਦੀ ਚਾਹਤ ਰੱਖਦੀ ਹੈ। ਇਸ ਤੋਂ ਇਲਾਵਾ ਦਿੱਲੀ ਅਤੇ ਪੰਜਾਬ ਵਿਚ ਵੀ ਸੀਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਵਿਚਕਾਰ ਵੱਡਾ ਘਮਾਸਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਆਪ ਕਾਂਗਰਸ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜਨ ਲਈ ਵੀ ਤਿਆਰ ਹੈ ਪਰ ਪੰਜਾਬ ਤੋਂ ਕਾਂਗਰਸ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਇਸ ਸਬੰਧੀ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਮੁੱਦੇ ’ਤੇ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਪਰ ਪੰਜਾਬ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜਨ ਲਈ ਤਿਆਰ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦਿੱਲੀ ਵਿੱਚ ਵੀ ਸੀਟ ਵੰਡ ਨੂੰ ਲੈ ਕੇ ਘਮਾਸਾਨ ਹੋਵੇਗਾ। ਜੇਕਰ ਕਾਂਗਰਸ ਪਾਰਟੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ’ਚ ਸੀਟਾਂ ਦੀ ਸਫਲਤਾ ਪੂਰਵਕ ਵੰਡ ਕਰਨ ਵਿਚ ਕਾਮਯਾਬ ਹੋ ਾਜੰਦੀ ਹੈ ਤਾਂ ਇਹ ਗਠਜੋੜ ਸਫਲ ਹੋਵੇਗਾ। ਜੇਕਰ ਕਾਂਗਰਸ ਪਾਰਟੀ ਨੇ ਇਨ੍ਹਾਂ ਰਾਜਾਂ ’ਚ ਖੇਤਰੀ ਪਾਰਟੀਆਂ ਨਾਲ ਤਾਲਮੇਲ ਨਹੀਂ ਰੱਖਿਆ ਤਾਂ ਇੰਡੀਆ ਗਠਜੋੜ ਦਾ ਅੱਗੇ ਵਧਣਾ ਮੁਸ਼ਕਿਲ ਹੈ। ਲੋਕ ਸਭਾ ਚੋਣਾਂ ਦੀ ਤਿਆਰੀ ਲਈ ਇਸ ਮੀਟਿੰਗ ਵਿਚ 31 ਦਸੰਬਰ ਤੱਕ ਆਪਸੀ ਸਹਿਮਤੀ ਨਾਲ ਸਾਰੇ ਰਾਂਜਾਂ ਵਿਚ ਸੀਟਾਂ ਦੀ ਵੰਡ ਕਰਨ ਦੀ ਡੈਡ ਲਾਇਨ ਐਲਾਣੀ ਗਈ ਹੈ ਅਤੇ ਸਾਰੇ ਨੇਤਾਵਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਆਪਣੇ ਰਾਜਾਂ ਵਿਚ ਆਪਣੀ ਲੀਡਰਸ਼ਿਪਨੂੰ ਭਰੋਸੇ ਵਿਚ ਲੈਣ ਲਈ ਕਿਹਾ ਗਿਆ ਹੈ। ਜੇਕਰ ਉਥੇ ਗੱਲ ਨਹੀਂ ਬਣਦੀ ਤਾਂ ਦੁਬਾਰਾ ਇੰਡੀਆ ਗਠਜੋੜ ਦੀ ਮੀਟਿੰਗ ਵਿਚ ਅਤੇ ਸੀਨੀਅਰ ਲੀਡਪਸ਼ਿਪ ਅੱਗੇ ਮਸਲਾ ਰੱਖਿਆ ਜਾ ਸਕਦਾ ਹੈ ਤਾਂ ਕਿ ਸਫਲਤਾ ਪੂਰਵਕ ਹਲ ਕੱਢ ਕੇ ਅਗਲੀ ਰਣਨੀਤੀ ਨੂੰ ਸਫਲ ਬਣਾਇਆ ਜਾ ਸਕੇ। ਹੁਣ ਇਹ ਸਮਾਂ ਹੀ ਦੱਸੇਗਾ ਕਿ ਇੰਡੀਆ ਗਠਜੋੜ ਸਫਲਤਾਪੂਰਵਕ ਸੀਟਾਂ ਦੀ ਵੰਡ ਕਰਕੇ ਅੱਗੇ ਵਧ ਸਕੇਗਾ ਜਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਟੁੱਟ ਕੇ ਬਿਖਰ ਜਾਵੇਗਾ, ਜਿਸਦੀ ਸੰਭਾਵਨਾ ਸੱਤਾਧਾਰੀ ਪਾਰਟੀ ਵਲੋਂ ਜਤਾਈ ਜਾ ਰਹੀ ਹੈ।
ਹਰਵਿੰਦਰ ਸਿੰਘ ਸੱਗੂ।