ਬਰਨਾਲਾ (ਬੋਬੀ ਸਹਿਜਲ) ਪੰਜਾਬ ਦੀ ਮਾਨ ਸਰਕਾਰ ਵੱਲੋਂ ਹਾਈਕੋਰਟ ਦੇ ਨਾਂ ਹੇਠ 8 ਅਗਸਤ ਤੱਕ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਖ਼ਿਲਾਫ਼ ਐਤਵਾਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਵੱਖ-ਵੱਖ ਜ਼ਿਲਿ੍ਹਆਂ ਦੇ ਰੇਹੜੀ ਮਜ਼ਦੂਰਾਂ ਦਾ ਇਕੱਠ ਡਾਕਟਰ ਅੰਬੇਦਕਰ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ‘ਚ ਮੋਟਰਸਾਈਕਲ ਰੇਹੜੀ ਮਜ਼ਦੂਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਪੰਜਾਬ ਦਾ ਗਠਨ ਕੀਤਾ ਤੇ 5 ਅਗਸਤ ਨੂੰ ਮੁੱਖ ਮੰਤਰੀ ਮਾਨ ਦੇ ਹਲਕਾ ਧੂਰੀ ਰੇਹੜੀ ਮਜ਼ਦੂਰਾਂ ਦੀ ਸੂਬਾ ਪੱਧਰੀ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਮਾਨ ਸਰਕਾਰ ਫੋਕੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ਼ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕੰਪਨੀਆਂ ਦੇ ਮੁਨਾਫ਼ੇ ਲਈ ਲੱਖਾਂ ਮਜ਼ਦੂਰ ਪਰਿਵਾਰਾਂ ਨੂੰ ਭੁੱਖਮਰੀ ਦੀ ਭੱਠੀ ‘ਚ ਛੁੱਟ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਮਾਨ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਮਜ਼ਦੂਰਾਂ ਤੋਂ ਦਿਹਾੜੀ ਕਰਕੇ ਪਰਿਵਾਰ ਪਾਲਣਾ ਦਾ ਹੱਕ ਵੀ ਖੋ ਰਹੀ ਹੈ। ਇਸ ਲਈ ਕਿਸੇ ਵੀ ਕੀਮਤ ‘ਤੇ ਮੋਟਰਸਾਈਕਲ ਰੇਹੜੀਆਂ ਬੰਦ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਮਾਨ ਮਸ਼ਹੂਰੀ ਲਈ ਸਰਕਾਰੀ ਖਜ਼ਾਨੇ ਦਾ ਅਰਬਾਂ ਰੁਪਏ ਪਾਣੀ ਵਾਂਗ ਰੋੜ ਰਿਹਾ, ਪਰ ਦੂਜੇ ਪਾਸੇ ਲੱਖਾਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਨਾ ਮਿਲਣ ਕਾਰਨ ਕਾਲਜ, ਯੂਨੀਵਰਸਿਟੀਆਂ ਡਿਗਰੀਆਂ ਨਹੀਂ ਦੇ ਰਹੇ। ਉਨ੍ਹਾਂ ਪੰਜਾਬ ਦੇ ਰੇਹੜੀ ਮਜ਼ਦੂਰ 5 ਅਗਸਤ ਨੂੰ ਪਰਿਵਾਰਾਂ ਸਮੇਤ ਧੂਰੀ ਰੇਹੜੀ ਮਜ਼ਦੂਰ ਲਾਲਕਾਰ ਰੈਲੀ ‘ਚ ਸ਼ਾਮਿਲ ਹੋਣ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮੱਖਣ ਸਿੰਘ ਰਾਮਗੜ੍ਹ, ਗੁਰਦੀਪ ਸਿੰਘ, ਧੂਰੀ ਮੇਵਾ ਸਿੰਘ ਸਰਦੂਲਗੜ੍ਹ, ਭੂਰਾ ਸਿੰਘ ਸਮਾਓ ਭੀਖੀ, ਧੂਨੀ ਸਿੰਘ ਬਹਾਦਰਗੜ੍ਹ ਪਟਿਆਲਾ, ਮਹਿੰਦਰ ਸਿੰਘ ਮੌੜ ਮੰਡੀ, ਮੱਘਰ ਸਿੰਘ ਝੂਨੀਰ, ਟਹਿਲਾ ਸਿੰਘ ਮਾਨਸਾ ਆਦਿ ਆਗੂ ਵੀ ਮੌਜੂਦ ਸਨ।