ਬੱਚਿਆਂ ਦੇ ਭਵਿੱਖ ਲਈ ਇੰਟਰਨੈੱਟ ਮੀਡੀਆ ’ਤੇ ਰੋਕ ਲਗਾਉਣ ਦਾ ਫੈਸਲਾ ਸਹੀ
ਅੱਜ ਸੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ। ਜਿੱਥੇ ਇੰਟਰਨੈੱਟ ਰਾਹੀਂ ਹਰ ਤਰ੍ਹਾਂ ਦੀ ਚੰਗੀ-ਮਾੜੀ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ। ਜਿਸ ਨਾਲ ਜੇਕਰ ਕੁਝ ਸਹੂਲਤਾਂ ਹਨ ਤਾਂ ਉੱਥੇ ਹੀ ਇਸਦੇ ਨੁਕਸਾਨ ਵੀ ਬਹੁਤ ਹਨ। ਪਰ ਸੋਸ਼ਲ ਮੀਡੀਆ ਰਾਹੀਂ ਲਾਭ ਘੱਟ ਤੇ ਹਾਨੀ ਜ਼ਿਆਦਾ ਹੈ। ਜਿਸ ਵਿੱਚ ਬੱਚੇ ਅਤੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਅੱਜਕਲ੍ਹ ਕਈ ਅਜਿਹੇ ਮਸਾਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਇੰਟਰਨੈੱਟ ਰਾਹੀਂ ਜਾਣਕਾਰੀ ਹਾਸਲ ਕਰਕੇ ਅਜਿਹੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਕਿ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਇੰਟਰਨੈੱਟ ਤੇ ਅਸ਼ਲੀਲਤਾ ਅਤੇ ਅੰਧਵਿਸਵਾਸ਼ ਸਭ ਤੋਂ ਵਧੇਰੇ ਫੈਲਾਇਆ ਜਾ ਰਿਹਾ ਹੈ। ਜਿਸ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਹੋ ਰਹੇ ਹਨ। ਅਮਰੀਕਾ ਦੇ ਅਰਕੰਸਾਸ ਸੂਬੇ ਵਿਚ ਇੰਟਰਨੈੱਟ ਮੀਡੀਆ ਦੀ ਅੰਨ੍ਹੇਵਾਹ ਦੁਰਵਰਤੋਂ ਦੇ ਮੱਦੇਨਜ਼ਰ ਇਸ ’ਤੇ ਲਗਾਮ ਕੱਸਣ ਲਈ ਕਾਨੂੰਨ ਬਣਾ ਦਿਤਾ ਗਿਆ ਹੈ। ਜਿਸਤੋਂ ਬਾਅਦ ਹੁਣ ਕਿਸੇ ਵੀ ਬੱਚੇ ਨੂੰ ਇੰਟਰਨੈੱਟ ਮੀਡੀਆ ’ਤੇ ਆਪਣਾ ਖਾਤਾ ਬਣਾਉਣ ਲਈ ਆਪਣੇ ਮਾਤਾ-ਪਿਤਾ ਦੀ ਮਨਜ਼ੂਰੀ ਲੈਣੀ ਪਏਗੀ। ਮਾਤਾ-ਪਿਤਾ ਦੀ ਮਨਜ਼ੂਰੀ ਤੋਂ ਬਾਅਦ ਹੀ ਇੰਟਰਨੈੱਟ ਮੀਡੀਆ ’ਤੇ ਆਪਣਾ ਖਾਤਾ ਖੋਲ੍ਹ ਸਕਣਗੇ। ਇਸ ਫੈਸਲੇ ਦਾ ਉਥੇ ਭਰਪੂਰ ਸਵਾਗਤ ਹੋ ਰਿਹਾ ਹੈ। ਇੰਟਰਨੈੱਟ ਮੀਡੀਆ ਮੌਜੂਦਾ ਸਮੇਂ ਅੰਦਰ ਅਸ਼ਲੀਲਤਾ, ਅੰਧਵਿਸ਼ਵਾਸ, ਧੋਖਾਧੜ੍ਹੀ, ਠੱਗੀ, ਸੰਗੀਨ ਅਪਰਾਧ ਅਤੇ ਗੁੰਮਪਾਹਕੁੰਨ ਪ੍ਰਚਾਰ ਦਾ ਵੱਡਾ ਅੱਡਾ ਬਣ ਚੁੱਕਾ ਹੈ। ਇੰਟਰਨੈੱਟ ਤੇ ਪਰੋਸੇ ਹੋਏ ਵੱਖ-ਵੱਖ ਤਰ੍ਹਾਂ ਦੇ ਜੁਰਮਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋ ਰਹੀ ਨੌਜਵਾਨ ਪੀੜ੍ਹੀ ਕਾਰਨ ਉਨ੍ਹਾਂ ਦੇ ਾਮੰ ਬਾਪ ਬੇ-ਹੱਦ ਪ੍ਰੇਸ਼ਾਨ ਹੋ ਰਹੇ। ਉਥੋਂ ਦੀ ਸਰਕਾਰ ਦਾ ਇਹ ਫੈਸਲਾ ਅਜਿਹੇ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਲਈ ਵੱਡੀ ਰਾਹਤ ਹੋਵੇਗੀ। ਵੱਡੀ ਗੱਲ ਇਹ ਹੈ ਕਿ ਅੱਜ ਇੰਟਰਨੈਟ ਦਾ ਜਾਲ ਬੜੀ ਤੇਜੀ ਨਾਲ ਫੈਲ ਰਿਹਾ ਹੈ। ਛੋਟੇ ਮਾਸੂਮ ਬੱਚੇ ਤੋਂ ਲੈ ਕੇ ਬਜੁਰਗਾਂ ਦੀ ਉਮਰ ਤੱਕ ਦੇ ਲੋਕ ਇਸਦੇ ਮੱਕੜਜਾਲ ਵਿਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਨ। ਇਥੇ ਇਕ ਹੈਰਾਨੀਜਨਕ ਗੱਲ ( ਖਾਸ ਕਰਕੇ ਭਾਰਤ ਵਿਚ ) ਜਾਅਲੀ ਨਿਊਜ਼ ਪੋਰਟਲਾਂ ਦੀ ਬੜੀ ਭਰਮਾਰ ਹੋ ਚੁੱਕੀ ਹੈ। ਹਰ ਕੋਈ ਬਿਨ੍ਹ ਸਰਕਾਰੀ ਮੰਜੂਰੀ ਤੋਂ ਹੀ ਇੰਟਰਨੈੱਟ ਦੀਆਂ ਸਾਇਟਾਂ ਤੇ ਆਪਣੇ ਪੋਰਟਲ ਖੋਲ੍ਹ ਕੇ ਬੈਠ ਗਿਆ ਹੈ। ਜਿਸਨੂੰ ਖਬਰਾਂ ਦਾ ਇੱਲ ਤੇ ਕੁੱਕੜ ਵੀ ਨਹੀਂ ਪਤਾ ਉਹ ਵੀ ਝੂਠੀਆਂ, ਸੱਚੀਆਂ ਅਤੇ ਮਨਘੜ੍ਹਤ ਖਬਰਾਂ ਸਮਾਜ ਵਿਚ ਫੈਲਾ ਕੇ ਪ੍ਰਦੂਸ਼ਣ ਫੈਲਾ ਰਹੇ ਹਨ। ਅਜਿਹੇ ਲੋਕ ਵਧੇਰੇਤਰ ਆਪਣਾ ਜਾਅਲੀ ਨਿਊਜ਼ ਚੈਨਲ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦਾ ਧੰਦਾ ਕਰਦੇ ਹਨ। ਇਸ ਦਾ ਰੁਝਾਨ ਭਾਰਤ ’ਚ ਜ਼ਿਆਦਾ ਹੈ। ਜੇਕਰ ਅਮਰੀਕਾ ਵਰਗੇ ਦੇਸ਼ ਨੇ ਇੰਟਰਨੈੱਟ ਮੀਡੀਆ ’ਤੇ ਹੋ ਰਹੇ ਅਪਰਾਧਾਂ ਅਤੇ ਬੱਚਿਆਂ ਦੇ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕੇ ਜਾਣ ਤਾਂ ਮੈਂ ਸਮਝਦਾ ਹਾਂ ਕਿ ਇਸਦੀ ਲੋੜ ਭਾਰਤ ਵਿਚ ਉਸ ਨਾਲੋਂ ਕਿਤੇ ਜ਼ਿਆਦਾ ਹੈ। ਸ਼ਾਇਦ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਥੇ ਇੰਟਰਨੈੱਟ ਸਾਇਟਾਂ ਤੇ ਸਭ ਤੋਂ ਵਧੇਰੇ ਖਪਤਕਾਰ ਹਨ। ਭਾਰਤ ਵਿਚ ਹੀ ਇੰਰਨੈੱਟ ਰਾਹੀਂ ਸਭ ਤੋਂ ਵੱਧ ਬਲੈਕਮੇਲ, ਧੋਖਾਧੜੀ, ਅਸ਼ਲੀਲਤਾ, ਅੰਧ ਵਿਸ਼ਵਾਸ਼ ਵਰਗੇ ਅਪਰਾਧ ਸਭ ਤੋਂ ਵੱਧ ਹੈ। ਇਸ ਲਈ ਅਮਰੀਕਾ ਦੇ ਅਰੰਕਸਾਸ ਸੂਬੇ ਵਿੱਚ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਵੀ ਅਜਿਹੇ ਕਦਮ ਚੁੱਕਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਇਥੇ ਅਸ਼ਲੀਲਤਾ ਦਾ ਬਹੁਤ ਜ਼ਿਆਦਾ ਪਰੋਸਿਆ ਜਾਣਾ ਬੇਹੱਦ ਖਤਰਨਾਕ ਰੁਝਾਨ ਹੈ। ਜਿਸ ਨਾਲ ਬੱਚੇ ਜਲਦੀ ਪ੍ਰਭਾਵਿਤ ਹੋ ਕੇ ਬੁਰੇ ਹਾਲਾਤਾਂ ਵਿਚ ਉਸ ਜੰਦੇ ਹਨ। ਘਰਾਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਜ਼ਿਆਦਾਤਰ ਮਜਬੂਰੀ ਵਿਚ ਮੋਬਾਈਲ ਦਿੰਦੇ ਹਨ ਕਿਉਂਕਿ ਬੱਚੇ ਉਨ੍ਹਾਂ ਨੂੰ ਇਸ ਲਈ ਮਜਬੂਰ ਕਰਦੇ ਹਨ। ਇੰਟਰਨੈੱਟ ਤੇ ਸਾਈਟਾਂ ਖੋਲ੍ਹਣ ਵਿਚ ਹੀ ਬੱਚੇ ਮੋਬਾਈਲ ’ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਫਿਰ ਕੋਈ ਨਹੀਂ ਜਾਣਦਾ ਕਿ ਉਹ ਕੀ ਦੇਖਦੇ ਹਨ ਅਤੇ ਕੀ ਕਰਦੇ ਹਨ। ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਸਾਰਾ ਖੁਲਾਸਾ ਹੁੰਦਾ ਹੈ ਪਰ ਉਸ ਸਮੇਂ ਹੱਥ ਵਿਚ ਕੁਝ ਨਹੀਂ ਰਹਿੰਦਾ। ਬੱਚੇ ਸਕੂਲ ਤੋਂ ਬਾਅਦ ਘਰ ਆਉਂਦੇ ਹਨ ਅਤੇ ਮੋਬਾਈਲ ਦੀ ਵਿਚ ਖੁੱਭ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਵੀ ਤਬਦੀਲੀ ਆਉਂਦੀ ਹੈ, ਅੱਖਾਂ ਦੀ ਰੌਸ਼ਨੀ ਘਟਣ ਦੇ ਨਾਲ ਨਾਲ ਉਹ ਕਈ ਤਰ੍ਹਾਂ ਦੀਆਂ ਦਿਮਾਗੀ ਬਿਮਾਰੀਆਂ ਦਾ ਵੀ ਸ਼ਿਕਾਰ ਹੁੰਦੇ ਹਨ। ਪਿਤਾ ਨਾਲ ਸਮਾਂ ਨਾ ਬਿਤਾ ਸਕਣ ਕਰਕੇ ਬੱਚੇ ਚਿੜਚਿੜੇ ਹੋ ਜਾਂਦੇ ਹਨ ਅਤੇ ਉਹ ਆਪਣੇ ਮਾਤਾ-ਪਿਤਾ ਦੀ ਗੱਲ ਵੀ ਨਹੀਂ ਮੰਨਦੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਨੂੰ ਵੀ ਇੰਟਰਨੈੱਟ ਨਾਲ ਸਾਹਮਣੇ ਆ ਰਹੇ ਬੁਰੇ ਪ੍ਰਭਾਵ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇੰਟਰਨੈੱਟ ਮੀਡੀਆ ਕਾਰਨ ਸਾਡਾ ਆਉਣ ਵਾਲਾ ਭਵਿੱਖ ਬਰਬਾਦ ਨਾ ਹੋ ਸਕੇ। ਜੇਕਰ ਸਾਡਾ ਭਵਿੱਖ ਸੁਰੱਖਿਅਤ ਨਹੀਂ ਤਾਂ ਅਸੀਂ ਕਿਵੇਂ ਸੁਰੱਖਿਅਤ ਹੋ ਸਕਦੇ ਹਾਂ ।
ਹਰਵਿੰਦਰ ਸਿੰਘ ਸੱਗੂ।