ਜਗਰਾਓਂ, 18 ਜੁਲਾਈ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਡੀ ਏ ਵੀ ਸੈਂਨਟਰੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਫ਼ਰੀ ਡਾਈਟਿੰਗ ਗਾਈਡ ਸੈਮੀਨਾਰ ਲਗਾਇਆ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਗਾਏ ਸੈਮੀਨਾਰ ਵਿਚ ਡਾਇਟੀਸ਼ੀਅਨ ਨੀਨਾ ਮਿੱਤਲ ਨੇ ਵਿਦਿਆਰਥੀਆਂ ਨੂੰ ਜੰਕ ਫੂਡ ਦੇ ਨੁਕਸਾਨਦੇਹ ਪ੍ਰਭਾਵ ਅਤੇ ਫੂਡ ਲੇਬਲ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਦਰੁਸਤ ਸਿਹਤ ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ| ਉਨ੍ਹਾਂ ਦੱਸਿਆ ਕਿ ਜੰਕ ਫੂਡ ਅਤੇ ਜ਼ਰੂਰਤ ਤੋਂ ਵੱਧ ਕੁਝ ਵੀ ਖਾਣ ਨਾਲ ਸਿਹਤ ਨੂੰ ਬਹੁਤ ਨੁਕਸਾਨ ਹੋਣ ਦੇ ਨਾਲ ਕਈ ਬਿਮਾਰੀਆਂ ਨੂੰ ਜਨਮ ਮਿਲਦਾ ਹੈ| ਉਨ੍ਹਾਂ ਕਿਹਾ ਕਿ ਸਾਡੇ ਰੋਜ਼ਾਨਾ ਦੇ ਖਾਣ ਪਾਣ ਦੇ ਤਰੀਕੇ ਨੂੰ ਸਹੀ ਕਰਨ ਲਈ ਅਸੀਂ ਅਨੇਕਾਂ ਅਣਚਾਹੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ| ਉਨ੍ਹਾਂ ਦੱਸਿਆ ਕਿ ਅੱਜ ਦੇ ਜ਼ਮਾਨੇ ਵਿਚ ਹਰ ਕੋਈ ਬਾਜ਼ਾਰੀ ਖਾਣਾ ਖਾਣ ਨੂੰ ਤਰਜੀਹ ਦਿੰਦਾ ਹੈ ਪਰ ਉਹ ਖਾਣ ਦੀ ਕੁਆਲਿਟੀ ਅਤੇ ਉਸ ਦੇ ਅੰਦਰ ਪਾਏ ਜਾਣ ਵਾਲੇ ਮਟਰੀਅਲ ਤੋਂ ਅਣਜਾਣ ਹੁੰਦਾ ਹੋਇਆ ਖਾਣਾ ਖਾ ਲੈਂਦਾ ਹੈ ਜਿਸ ਨਾਲ ਉਸ ਦੀ ਸਿਹਤ ਨੂੰ ਨੁਕਸਾਨ ਪੁੱਜਦਾ ਹੈ| ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਖਾਣਾ ਨਾ ਖਾਣ, ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਬਦਲ ਕੇ ਸਹੀ ਸਮੇਂ ਸਹੀ ਮਾਤਰਾ ਵਿਚ ਪੌਸ਼ਟਿਕ ਭੋਜਨ ਖਾਓ| ਉਨ੍ਹਾਂ ਬੱਚਿਆਂ ਨਾਲ ਸਿਹਤਮੰਦ ਰਹਿਣ ਦੇ ਆਸਾਨ ਤਰੀਕੇ ਵੀ ਸਾਂਝੇ ਕੀਤੇ| ਇਸ ਮੌਕੇ ਸਕੂਲ ਪ੍ਰਿੰਸੀਪਲ ਦੇਵ ਵਰਤ ਪਲਾਹਾ ਨੇ ਬੱਚਿਆਂ ਨੂੰ ਅਪੀਲ ਕੀਤੀ ਉਹ ਤੰਦਰੁਸਤ ਸਿਹਤ ਰੱਖਣ ਲਈ ਅੱਜ ਸੈਮੀਨਾਰ ਵਿਚ ਦੱਸੇ ਨੁਕਤਿਆਂ ਨੂੰ ਅਮਲ ਵਿਚ ਲਿਆਉਣ| ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਦੇਰ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ ਅਤੇ ਥੋੜੇ ਥੋੜੇ ਸਮੇਂ ਬਾਅਦ ਕੁਝ ਖਾਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਲਈ ਸਮੇਂ ਸਮੇਂ ਵੱਖ ਵੱਖ ਬਿਮਾਰੀਆਂ ਦੇ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਉੱਥੇ ਬਿਮਾਰੀਆਂ ਤੋਂ ਬਚਣ ਲਈ ਡਾਇਟ ਦੇ ਕੈਂਪ ਤੇ ਸੈਮੀਨਾਰ ਲਗਾਏ ਜਾਂਦੇ ਹਨ ਤਾਂ ਕਿ ਲੋਕ ਬਿਮਾਰੀਆਂ ਤੋਂ ਬਚ ਸਕਣ| ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਗੋਪਾਲ ਗੁਪਤਾ, ਅਨਿਲ ਮਲਹੋਤਰਾ ਸਮੇਤ ਸਕੂਲ ਅਧਿਆਪਕ ਹਾਜ਼ਰ ਸਨਸਨ।