ਅੰਮ੍ਰਿਤਸਰ , 24 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੰਜਾਬ ਨੂੰ ਦਹਿਲਾਉਣ ਦੇ ਮਨਸੂਬਿਆਂ ਦਾ ਪਤਾ ਲੱਗਣ ਤੋਂ ਬਾਅਦ ਵੀ ਪਾਕਿਸਤਾਨ ਤੋਂ ਭਾਰਤੀ ਪੁੱਜੀਆਂ ਦੋ ਆਈਈਡੀ (ਇੰਪ੍ਰੋਵਾਈਜ਼ਡ ਐਕਸਲੋਸਿਵ ਡਿਵਾਈਸ) ਨੂੰ ਐੱਸਟੀਐੱਫ ਬਰਾਮਦ ਨਹੀਂ ਕਰ ਸਕੀ ਹੈ। ਧਮਾਕਾਖੇਜ਼ ਪਦਾਰਥਾਂ ਨੂੰ ਬਰਾਮਦ ਕਰਨ ਲਈ ਐੱਸਟੀਐੱਫ ਨੇ ਜੇਲ੍ਹ ਤੋਂ ਲਿਆਂਦੇ ਗਏ ਅੱਤਵਾਦੀ ਸੁਰਮੁਖ ਸਿੰਘ ਉਰਫ਼ ਸਾਮੂ ਦੇ ਦਰਜਨ ਭਰ ਕਰੀਬੀ ਤੇ ਰਿਸ਼ਤੇਦਾਰ ਹਿਰਾਸਤ ’ਚ ਲਏ ਹਨ। ਪਤਾ ਲੱਗਾ ਹੈ ਕਿ ਘੰਟਿਆਂ ਦੀ ਪੁੱਛਗਿੱਛ ਦੇ ਬਾਵਜੂਦ ਵੀ ਸੁਰੱਖਿਆ ਏਜੰਸੀਆਂ ਸ਼ੱਕੀਆਂ,ਮੁਲਜ਼ਮ ਸੁਰਮੁਖ ਤੇ ਦਿਲਬਾਗ ਸਿੰਘ ਬਾਗੋ ਤੋਂ ਆਈਈਡੀ ਦਾ ਪਤਾ ਨਹੀਂ ਉਗਲਵਾ ਸਕੀਆਂ ਹਨ। ਸੋਮਵਾਰ ਨੂੰ ਐੱਸਟੀਐੱਫ, ਐੱਨਆਈਏ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ’ਚ ਡੇਰਾ ਲਾਈ ਰੱਖਿਆ।ਐੱਸਟੀਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰਮੁਖ ਦੇ ਪਿੰਡ ਪੰਚੂ ਕਲਾਲ ਤੇ ਦਿਲਬਾਗ ਦੇ ਪਿੰਡ ਚੱਕ ਅੱਲਾ ਬਖ਼ਸ਼ ’ਚ ਪੁਲਿਸ ਦੀ ਤਿੱਖੀ ਨਜ਼ਰ ਹੈ। ਪੁਲਿਸ ਨੇ ਇਨ੍ਹਾਂ ਪਿੰਡਾਂ ਦੇ ਕੁਝ ਲੋਕਾਂ ਦੇ ਘਰਾਂ ’ਚ ਤਲਾਸ਼ੀ ਵੀ ਲਈ ਹੈ ਪਰ ਕੋਈ ਸੁਰਾਗ਼ ਨਹੀਂ ਮਿਲਿਆ।ਅਸਲ ’ਚ ਅੱਤਵਾਦੀ ਸੁਰਮੁਖ ਸਿੰਘ ਐੱਸਟੀਐੱਫ ਦੀ ਪੁੱਛਗਿੱਛ ’ਚ ਸਵੀਕਾਰ ਕਰ ਚੱੁਕਾ ਹੈ ਕਿ ਪਾਕਿਸਤਾਨ ’ਚ ਬੈਠਾ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈਐੱਸਵਾਈਐੱਫ) ਦਾ ਅੱਤਵਾਦੀ ਲਖਬੀਰ ਰੋਡੇ ਉਸਦੇ ਨਾਲ ਟ੍ਰੇਨ ਉਡਾਉਣ ਦੀ ਸਾਜ਼ਿਸ਼ ਰਚ ਚੁੱਕਾ ਹੈ। ਰੋਡੇ ਦੇ ਇਸ਼ਾਰੇ ’ਤੇ ਪਾਕਿ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਛੇ ਆਈਈਡੀ ਡਰੋਨ ਰਾਹੀਂ ਭਾਰਤ ਭੇਜੀਆਂ ਸਨ। ਇਸੇ ’ਚੋਂ ਇਕ ਆਈਈਡੀ ਦਿਲਬਾਗ ਨੇ ਲੁਧਿਆਣਾ ਬੰਬ ਕਾਂਡ ’ਚ ਮਾਰੇ ਗਏ ਗਗਨਦੀਪ ਨੂੰ ਦਿੱਤੀ ਸੀ। ਤਿੰਨ ਆਈਈਡੀ ਐੱਸਟੀਐੱਫ ਬਰਾਮਦ ਕਰ ਚੁੱਕੀ ਹੈ ਤੇ ਦੋ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗਾ।ਪੁਲਿਸ ਨੇ ਸ਼ੰਕਾ ਪ੍ਰਗਟਾਈ ਹੈ ਕਿ ਅੱਤਵਾਦੀ ਸੁਰਮੁਖ ਸਿੰਘ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਤੇ ਲਸ਼ਕਰ-ਏ-ਤੋਇਬਾ ਨਾਲ ਸੰਪਰਕ ’ਚ ਹਨ, ਕਿਉਂਕਿ ਆਈਈਡੀ ਟਿਕਾਣੇ ਲਗਾਉਣ ਬਦਲੇ ’ਚ ਮਿਲਣ ਵਾਲੀ ਪੇਮੈਂਟ ਦੇ ਤਾਰ ਜੰਮੂ-ਕਸ਼ਮੀਰ ਨਾਲ ਜੁਡ਼ ਰਹੇ ਹਨ।ਇਸ ’ਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
