ਖੰਨਾ (ਭੰਗੂ) ਖੰਨਾ ‘ਚ ਗੋਲੀ ਲੱਗਣ ਕਾਰਨ ਡੀਐਸਪੀ ਦੇ ਗੰਨਮੈਨ ਦੀ ਮੌਤ ਹੋ ਗਈ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੀਐਸਪੀ ਦਾ ਗੰਨਮੈਨ ਰਸ਼ਪਿੰਦਰ ਸਿੰਘ ਡੀਐਸਪੀ ਦਾ ਸਰਵਿਸ ਰਿਵਾਲਵਰ ਸਾਫ਼ ਕਰ ਰਿਹਾ ਸੀ। ਅਚਾਨਕ ਗੋਲੀ ਰਿਵਾਲਵਰ ‘ਚੋਂ ਨਿਕਲ ਕੇ ਰਸ਼ਪਿੰਦਰ ਦੀ ਛਾਤੀ ‘ਤੇ ਜਾ ਲੱਗੀ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ। ਰਸ਼ਪਿੰਦਰ ਸਿੰਘ ਵੂਮੈਨ ਸੈਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ।
ਰਾਸ਼ਪਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਸਨੇ ਦਮ ਤੋੜ ਦਿੱਤਾ। ਮਿਰਤਕ ਰਾਸ਼ਪਿੰਦਰ ਸਿੰਘ ਦੇ ਪਿਤਾ ਰਾਜਿੰਦਰ ਸਿੰਘ ਵੀ ਕੁਝ ਸਮਾਂ ਪਹਿਲਾਂ ਪੁਲਿਸ ਵਿਭਾਗ ‘ਚੋਂ ਬਤੌਰ ਏਐਸਆਈ ਸੇਵਾਮੁਕਤ ਹੋਏ ਸਨ।
ਜਾਣਕਾਰੀ ਅਨੁਸਾਰ ਰਸ਼ਪਿੰਦਰ ਸਿੰਘ ਖੰਨਾ ਦੇ ਕ੍ਰਿਸ਼ਨਾ ਨਗਰ ਦੀ ਗਲੀ ਨੰਬਰ 11 ਵਿੱਚ ਰਹਿੰਦਾ ਸੀ। ਮੂਲ ਰੂਪ ਵਿੱਚ ਉਹ ਪਿੰਡ ਘਟਿੰਡ ਦਾ ਵਸਨੀਕ ਹੈ। 33 ਸਾਲਾ ਰਸ਼ਪਿੰਦਰ ਆਪਣੇ ਪਿੱਛੇ ਪਤਨੀ ਅਤੇ 6 ਸਾਲ ਦਾ ਬੇਟਾ ਛੱਡ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।