ਕਰਨਾਟਕ , 24 ਮਈ ( ਬਿਊਰੋ)-ਕਰਨਾਟਕ ’ਚ ਮੰਗਲਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ।ਹੁਬਲੀ ਦੇ ਬਾਹਰੀ ਇਲਾਕੇ ’ਚ ਇਕ ਯਾਤਰੀ ਬੱਸ ਤੇ ਟਰੱਕ ’ਚ ਟੱਕਰ ਹੋ ਗਈ।ਇਸ ’ਚ ਅੱਠ ਲੋਕਾਂ ਦੀ ਮੌਤ ਹੋ ਗਈ ਤੇ 25 ਲੋਕ ਜ਼ਖਮੀ ਹੋ ਗਏ।ਹਾਦਸਾ ਕਿਸ ਤਰ੍ਹਾਂ ਵਾਪਰਿਆ,ਇਸ ਬਾਰੇ ਪਤਾ ਨਹੀਂ ਲੱਗ ਸਕਿਆ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਖਮੀਆਂ ਦਾ ਹੁਬਲੀ ਦੇ ਕੇਆਈਐਮਐੱਸ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੋਵਾਂ ਵਾਹਨਾਂ ਦੇ ਡਰਾਈਵਰਾਂ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਅਨੁਸਾਰ ਯਾਤਰੀ ਬੱਸ ਕੋਲ੍ਹਾਪੁਰ ਤੋਂ ਬੈਂਗਲੁਰੂ ਜਾ ਰਹੀ ਸੀ। ਉਦੋਂ 12.30 ਤੋਂ 1 ਵਜੇ ਦੇ ਦਰਮਿਆਨ ਬੱਸ ਟਰੱਕ ਨਾਲ ਟਕਰਾ ਗਈ। ਬੱਸ ਚਾਲਕ ਟਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਪੁਲਿਸ ਅਨੁਸਾਰ ਹਾਦਸਾ ਬਾਈਪਾਸ ’ਤੇ ਉਸ ਸਮੇਂ ਵਾਪਰਿਆ, ਜਦੋਂ ਚੌਲਾਂ ਦੀਆਂ ਬੋਰੀਆਂ ਲਿਜਾ ਰਹੇ ਟਰੱਕ ਤੇ ਨਿੱਜੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ’ਚ ਬੱਸ ’ਚ ਸਾਵਰ ਛੇ ਲੋਕਾਂ ਦੀ ਮੌਤ ਹੋ ਗਈ ਤੇ ਦੋ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਮੌਤ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖਮੀਆਂ ਵਿੱਚੋਂ ਬਹੁਤ ਸਾਰਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਯਾਤਰੀਆਂ ਨੂੰ ਹੁਬਲੀ ਦੇ ਕੇਆਈਐੱਮਐੱਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।ਮਿ੍ਤਕ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਹੁਬਲੀ ਉੱਤਰੀ ਟ੍ਰੈਫਿਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
