ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਵਿਕਾਸ ਮਠਾੜੂ) : ਡਾ. ਰੂਹੀ ਦੁੱਗ, ਆਈ.ਏ.ਐਸ., ਡਿਪਟੀ ਕਮਿਸ਼ਨਰ,ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚੋਂ ਨਜਾਇਜ਼ ਕਬਜੇ ਛਡਵਾਏ ਜਾ ਰਹੇ ਹਨ, ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ, ਰਜਨੀਸ਼ ਗਿਰਧਰ ਵੱਲੋਂ ਦਿੱਤੀ ਗਈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਰੇਹੜੀ-ਫੜੀ ਅਤੇ ਜਿਨ੍ਹਾਂ ਦੁਕਾਨਦਾਰਾਂ ਨੇ ਸੜਕਾਂ ਤੇ ਆਪਣਾ ਨਿੱਜੀ ਸਮਾਨ ਰੱਖ ਕੇ ਨਜਾਇਜ ਕਬਜੇ ਕੀਤੇ ਹੋਏ ਹਨ, ਉਹਨਾਂ ਤੋਂ ਨਜਾਇਜ ਕਬਜ਼ੇ ਛੁਡਵਾਏ ਗਏ ਅਤੇ ਉਨ੍ਹਾਂ ਦੇ ਸਮਾਨ ਨੂੰ ਕਬਜੇ ਵਿੱਚ ਲਿਆ ਅਤੇ ਬਿਜਲੀ ਦੇ ਖੰਭਿਆਂ ਤੇ ਲੱਗੇ ਨਜਾਇਜ ਹੋਰਡਿੰਗਜ਼ ਵੀ ਉਤਰਵਾਏ ਗਏ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣਾ ਨਿੱਜੀ ਸਮਾਨ ਸੜਕ ਤੇ ਰੱਖ ਕੇ ਨਜ਼ਾਇਜ ਕਬਜਾ ਕਰਦਾ ਹੈ ਤਾਂ ਉਸਦਾ ਸਮਾਨ ਨਗਰ ਕੌਂਸਲ ਵੱਲੋਂ ਜਬਤ ਕਰ ਲਿਆ ਜਾਵੇਗਾ। ਉਨ੍ਹਾਂ ਸਬਜੀ ਅਤੇ ਫ਼ਲ ਵੇਚਣ ਵਾਲੇ ਰੇਹੜੀ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀ ਸਬਜੀ ਜਾਂ ਫ਼ਲ ਤੁਰ-ਫਿਰ ਕੇ ਹੀ ਵੇਚਣ।ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸੜਕਾਂ ਤੇ ਆਪਣਾ ਨਿੱਜੀ ਸਮਾਨ ਰੱਖ ਕੇ ਨਜਾਇਜ ਕਬਜੇ ਨਾ ਕੀਤੇ ਜਾਣ ਅਤੇ ਸ਼ਹਿਰ ਵਿਚਲੀ ਟ੍ਰੈਫਿਕ ਸਮੱਸਿਆ ਨਾਲ ਨਿਜੱਠਣ ਲਈ ਨਗਰ ਕੌਂਸਲ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।