ਮਾਨਸਾ,( ਬਿਊਰੋ )- ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ (Mansa Police) ਨੂੰ ਧਮਕੀ ਮਿਲੀ ਹੈ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਵੇ ਅਤੇ ਜ਼ਿਆਦਾ ਭੱਜ-ਨੱਠ ਨਾ ਕਰੇ। ਅਜਿਹਾ ਨਾ ਕਰਨ ‘ਤੇ ਅੰਜਾਮ ਭੁਗਤਣ ਲਈ ਕਿਹਾ ਗਿਆ ਹੈ। ਇਹ ਧਮਕੀ ਮਾਨਸਾ ਪੁਲਿਸ ਦੇ ਐਸਐਚਓ ਨੂੰ ਫੋਨ ਰਾਹੀਂ ਵਿਦੇਸ਼ ਤੋਂ ਆਈ ਫੋਨ ਕਾਲ ਰਾਹੀਂ ਦਿੱਤੀ ਗਈ ਹੈ।ਦੱਸ ਦੇਈਏ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਕੇਸ ਨਾਲ ਜੁੜੇ ਵੱਖ-ਵੱਖ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਬੀਤੇ ਦਿਨ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਸੁਰਾਗ਼ ਹੱਥ ਲੱਗੇ ਹਨ ਅਤੇ ਇਸ ਸਬੰਧੀ ਵੀਡੀਓ ਵੀ ਮਿਲੀ ਹੈ।ਵਿਦੇਸ਼ੀ ਨੰਬਰਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਆਈ ਇਸ ਧਮਕੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਗਾਇਕਾਂ ਅਤੇ ਸਲਮਾਨ ਖਾਨ ਸਣੇ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਵੀ ਮਿਲੀਆਂ ਹਨ।ਮਾਨਸਾ ਪੁਲਿਸ ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਉਵੇਂ-ਉੇਵੇਂ ਇਸ ਵਿੱਚ ਗੈਂਗਸਟਰਾਂ ਦੇ ਨਾਂਅ ਸਾਹਮਣੇ ਆ ਰਹੇ ਹਨ ਅਤੇ ਸੁਰਾਗ ਪਤਾ ਲੱਗ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੀ ਗੁੱਥੀ ਵਿੱਚ 25 ਤੋਂ 30 ਜਣੇ ਸਾਹਮਣੇ ਆ ਸਕਦੇ ਹਨ ਅਤੇ ਪੁਲਿਸ ਹਰ ਐਂਗਲ ਤੋਂ ਜਾਂਚ ਵਿੱਚ ਲੱਗੀ ਹੋਈ ਹੈ।ਇਹ ਧਮਕੀ ਆਪਣੇ-ਆਪ ਵਿੱਚ ਹੀ ਬਹੁਤ ਕੁੱਝ ਕਹਿ ਰਹੀ ਹੈ। ਇੰਝ ਜਾਪ ਰਿਹਾ ਹੈ ਕਿ ਕੀ ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਪੁੱਜ ਗਈ ਹੈ, ਜੋ ਕਿ ਇਹ ਧਮਕੀ ਦਿੱਤੀ ਗਈ ਹੈ।