ਜੌਨਪੁਰ 5 ਮਾਰਚ(ਬਿਊਰੋ ਡੇਲੀ ਜਗਰਾਉਂ ਨਿਊਜ਼) ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ ਮੁੱਠਭੇੜ ਵਿੱਚ 1 ਲੱਖ ਦੇ ਇਨਾਮੀ ਬਦਮਾਸ਼ ਨੂੰ ਮਾਰ ਮੁਕਾਇਆ ਹੈ। ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ। ਮੁੱਠਭੇੜ ‘ਚ ਦੋਵੇਂ ਬਦਮਾਸ਼ਾਂ ਵੱਲੋਂ ਏ.ਕੇ.-47 ਵਰਗੇ ਮਾਰੂ ਅਤਿ ਆਧੁਨਿਕ ਹਥਿਆਰ ਨਾਲ ਪੁਲਿਸ ‘ਤੇ ਗੋਲੀ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ।ਜਿਸ ਵਿੱਚ 2 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।ਹਿਸਟਰੀਸ਼ੀਟਰ ਬਦਮਾਸ਼ ਸਤੀਸ਼ ਸਿੰਘ ਪ੍ਰਿੰਸ ‘ਤੇ ਲੁੱਟ-ਖੋਹ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਦੇ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ। ਇਸ ਦੇ ਨਾਲ ਹੀ ਸਤੀਸ਼ ਸਜ਼ਾਯਾਫ਼ਤਾ ਕੈਦੀ ਸੀ, ਜੋ ਪਿਛਲੇ 12 ਸਾਲਾਂ ਤੋਂ ਫ਼ਰਾਰ ਸੀ।ਫਿਲਹਾਲ ਮੁਕਾਬਲੇ ‘ਚ ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਦਾ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਿਸਟਰੀਸ਼ੀਟਰ ਸਤੀਸ਼ ਸਿੰਘ ਉਤੇ ਕਰੀਬ 1 ਲੱਖ ਦੇ ਇਨਾਮ ਸੀ ਅਤੇ ਡੀ-63 ਗਰੋਹ ਦਾ ਮੈਂਬਰ ਸੀ। ਪੁਲਿਸ ਨੇ ਮੁਕਾਬਲੇ ਦੌਰਾਨ ਉਸ ਕੋਲੋਂ ਇੱਕ ਏਕੇ-47, ਇੱਕ 9 ਐਮਐਮ ਪਿਸਤੌਲ, ਭਾਰੀ ਮਾਤਰਾ ਵਿੱਚ ਗੋਲੀਆਂ ਅਤੇ ਇੱਕ ਬਾਇਕ ਬਰਾਮਦ ਕੀਤਾ ਹੈ।ਜਾਣਕਾਰੀ ਅਨੁਸਾਰ ਥਾਣਾ ਸਦਰ ਅਤੇ ਐਸ.ਓ.ਜੀ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਸਰਾਏਖਵਾਜਾ ਥਾਣਾ ਖੇਤਰ ਦੇ ਪਿੰਡ ਮਨੀਆ ਦਾ ਵਾਸੀ ਸਤੀਸ਼ ਕੁਮਾਰ ਸਿੰਘ ਪ੍ਰਿੰਸ ਇਥੇ ਮੌਜੂਦ ਹੈ। ਸੂਚਨਾ ਮਿਲਣ ’ਤੇ ਸਰਹੱਦੀ ਜ਼ਿਲ੍ਹੇ ਸੁਲਤਾਨਪੁਰ ਦੀ ਪੁਲਿਸ ਵੀ ਆ ਗਈ। ਘੇਰਾਬੰਦੀ ਕਰਨ ਤੋਂ ਬਾਅਦ ਆਤਮ ਸਮਰਪਣ ਕਰਨ ਲਈ ਕਹੇ ਜਾਣ ‘ਤੇ ਸਤੀਸ਼ ਸਿੰਘ ਨੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋ ਜਵਾਨ ਜ਼ਖਮੀ ਹੋ ਗਏ।ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਸਤੀਸ਼ ਸਿੰਘ ਪ੍ਰਿੰਸ ਦੀ ਮੌਤ ਹੋ ਗਈ। ਪੁਲਿਸ ਸੁਪਰਡੈਂਟ ਅਜੇ ਕੁਮਾਰ ਸਾਹਨੀ, ਸੀਓ ਸ਼ਾਹਗੰਜ ਅੰਕਿਤ ਕੁਮਾਰ ਵੀ ਮੌਕੇ ‘ਤੇ ਪਹੁੰਚੇ। ਜ਼ਿਲ੍ਹਾ ਹੈੱਡਕੁਆਰਟਰ ਤੋਂ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ।
