ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਵਾਹ ਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਪਾ ਰਿਹੈ ਵੱਡਮੁੱਲਾ ਯੋਗਦਾਨ
ਮੋਗਾ, 13 ਅਕਤੂਬਰ: ( ਕੁਲਵਿੰਦਰ ਸਿੰਘ) –
ਅਜੋਕੇ ਸਮੇਂ ਦੌਰਾਨ ਪੰਜਾਬ ਦੇ ਜਿਆਦਾਤਰ ਕਿਸਾਨ ਕਣਕ ਝੋਨੇ ਦੀ ਖੇਤੀ ਹੀ ਕਰ ਰਹੇ ਹਨ। ਇਕੋ ਤਰ੍ਹਾਂ ਦੀਆਂ ਫ਼ਸਲਾਂ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਹੁੰਦਾ ਹੈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਮਨੁੱਖੀ ਸਰੀਰ ਨੂੰ ਜਕੜ ਲੈਂਦੀਆਂ ਹਨ।
ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਪਿੰਡ ਸਿੰਘਾਂਵਾਲਾ ਦਾ ਕਿਸਾਨ ਗੁਰਚਰਨ ਸਿੰਘ ਸਪੁੱਤਰ ਤਾਰਾ ਸਿੰਘ ਬਹੁਭਾਂਤੀ ਖੇਤੀ ਕਰ ਰਿਹਾ ਹੈ ਅਤੇ ਮੁਨਾਫ਼ਾ ਵੀ ਵੱਧ ਕਮਾ ਰਿਹਾ ਹੈ। ਇਹ ਕਿਸਾਨ ਪਿਛਲੇ 10 ਸਾਲਾਂ ਤੋਂ ਆਪਣੀ ਖੇਤੀ ਵਿੱਚ ਮੂੰਗੀ, ਮੱਕੀ, ਆਲੂ, ਝੋਨਾ, ਛੋਲੇ, ਸਰੋਂ, ਆਦਿ ਵੱਖ ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾ ਰਿਹਾ ਹੈ। ਗੁਰਚਰਨ ਸਿੰਘ ਦਾ ਮੰਨਣਾ ਹੈ ਕਿ ਬਹੁਭਾਂਤੀ ਖੇਤੀ ਕਰਨ ਨਾਲ ਜਿੱਥੇ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਘੱਟ ਹੁੰਦੀ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਜਿਆਦਾ ਮੁਨਾਫ਼ਾ ਵੀ ਕਮਾਇਅ ਜਾ ਸਕਦਾ ਹੈ। ਉਸਨੇ ਕਿਹਾ ਕਿ ਇਸ ਤੋਂ ਇਲਾਵਾ ਇਸਦਾ ਸਭ ਤੋਂ ਵੱਧ ਮੁਨਾਫ਼ਾ ਸਾਡੇ ਸਰੀਰ ਨੂੰ ਹੁੰਦਾ ਹੈ ਕਿਉਂਕਿ ਇਸ ਖੇਤੀ ਨਾਲ ਵਾਤਾਵਰਨ ਉੱਪਰ ਮਾੜਾ ਪ੍ਰਭਾਵ ਨਹੀਂ ਪੈਂਦਾ। ਉਸਨੇ ਕਿਹਾ ਕਿ ਉਹ ਝੋਨੇ ਦੀ ਫ਼ਸਲ ਦੀ ਪਰਾਲੀ ਨੂੰ ਵੀ ਖੇਤਾਂ ਵਿੱਚ ਹੀ ਵਾਹ ਕੇ ਇਸਦਾ ਨਿਪਟਾਰਾ ਕਰ ਰਿਹਾ ਹੈ, ਕਿਉਂਕਿ ਇਸ ਨਾਲ ਮਿੱਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਇਸਦੀ ਉਪਜਾਊ ਸ਼ਕਤੀ ਵਧਦੀ ਹੈ। ਇਸ ਕਰੋਨਾ ਦੇ ਦੌਰ ਵਿੱਚ ਝੋਨੇ ਦੀ ਪਰਾਲੀ ਦਾ ਧੂੰਆਂ ਸਾਡੇ ਲਈ ਹੋਰ ਵੀ ਘਾਤਕ ਸਿੱਧ ਹੋ ਸਕਦਾ ਹੈ।
ਉਸਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ, ਵੱਲੋਂ ਸਮੇਂ ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿੱਚ ਹਿੱਸਾ ਵੀ ਲੈ ਰਿਹਾ ਹੈ। ਗੁਰਚਰਨ ਸਿੰਘ ਵੱਲੋਂ ਕਾਫ਼ੀ ਵਰ੍ਹਿਆਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾਇਆ ਜਾ ਰਿਹਾ ਹੈ।
ਗੁਰਚਰਨ ਸਿੰਘ ਨੇ ਜ਼ਿਲ੍ਹਾ ਦੇ ਬਾਕੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੀ ਖੇਤੀ ਨੂੰ ਛੱਡ ਕੇ ਬਹੁਭਾਂਤੀ ਖੇਤੀ ਕਰਨ ਤਾਂ ਜੋ ਪੰਜਾਬ ਨੂੰ ਆੳ੍ਹਣ ਵਾਲੇ ਸਮੇਂ ਵਿੱਚ ਖੁਸ਼ਹਾਲ ਬਣਾਇਆ ਜਾ ਸਕੇ।