ਜਗਰਾਉਂ, 29 ਨਵੰਬਰ ( ਰਾਜਨ ਜੈਨ, ਸਤੀਸ਼ ਕੋਹਲੀ )ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਨਰਸਰੀ ਕਲਾਸ ਤੋਂ ਚੌਥੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ‘ਟਾਪਰ ਡੇ’ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਸਨ। ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਨਰਸਰੀ ਤੋਂ ਚੌਥੀ ਕਲਾਸ ਦੇ ਵਿਦਿਆਰਥੀਆਂ ਵਲੋਂ ਵੱਖ—ਵੱਖ ਰੰਗਾਂ ਦੀਆਂ ਡਰੈੱਸਾ ਵਿੱਚ ਤਿਆਰ ਹੋ ਕੇ ਪਰਫਾਰਮੈਂਸ ਵੀ ਦਿੱਤੀ ਗਈ। ਹਰ ਵਿਦਿਆਰਥੀ ਵਰਗ ਨੇ ਆਪਣੀ ਪਰਫਾਰਮੈਂਸ ਰਾਂਹੀ ਇੱਕ ਵਖਰਾ ਸੰਦੇਸ਼ ਦਿੱਤਾ ਕਿ ਕਿਸ ਤਰ੍ਹਾਂ ਉਹ ਸਕੂਲ ਅੰਦਰ ਆਪਣੇ ਅਧਿਆਪਕਾਂ ਦੀ ਮਦਦ ਰਾਂਹੀ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਹਨ। ਐਲ.ਕੇ.ਜੀ ਦੇ ਵਿਦਿਆਰਥੀਆਂ ਵਲੋਂ ਸਿੰਘ ਇਜ ਕਿੰਗ, ਯੂ.ਕੇ.ਜੀ ਦੇ ਵਿਦਿਆਰਥੀਆਂ ਵਲੋਂ ਤਾਰੇ ਜਮੀਨ ਪਰ, ਪਹਿਲੀ ਵਲੋਂ ਸਕੂਲ ਚਲੇ ਹਮ, ਦੂਸਰੀ ਅਤੇ ਤੀਸਰੀ ਕਲਾਸ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਆਈ ਲਵ ਮਾਈ ਇੰਡੀਆਂ ਉਪਰ ਪਰਫਾਰਮੈਂਸ ਕੀਤਾ ਗਿਆ। ਇਸ ਵਿੱਚ ਲਗਭਗ 141 ਵਿਦਿਆਰਥੀ ਜਿੰਨਾਂ ਨੇ ਪਿਛਲੇ ਸਲਾਨਾ ਇਮਤਿਹਾਨਾਂ ਵਿੱਚ A1 A2 ਗਰੇਡ ਹਾਸਿਲ ਕੀਤੇ ਸਨ ਨੂੰ ਹੋਸਲਾ ਅਫਜਾਈ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਕੂਲ ਦੀ ਅਣਥੱਕ ਮਿਹਨਤ ਸਦਕਾ ਹੀ ਵਿਦਿਆਰਥੀ ਸਫਲਤਾ ਹਾਸਿਲ ਕਰ ਰਹੇ ਹਨ। ਇਸਦੇੇ ਨਾਲ—ਨਾਲ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹਰ ਸਮੇਂ ਆਪਣੇ ਮਾਤਾ ਪਿਤਾ ਦੇ ਕਹਿਣੇ ਵਿੱਚ ਰਹਿਣ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਬਿਨਾਂ ਰੁਕੇ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਸਮਾਗਮ ਦੇ ਅੰਤ ਵਿੱਚ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੈਨੇਜਰ ਮਨਦੀਪ ਚੌਹਾਨ ਅਤੇ ਮੈਡਮ ਮੋਨਿਕਾ ਵੀ ਹਾਜਿਰ ਸਨ। ਮੰਚ ਸੰਚਾਲਨ ਮੈਡਮ ਅੰਜੂ ਬਾਲਾ, ਬਲਜੀਤ ਕੌਰ, ਸਤਿੰਦਰਪਾਲ ਕੌਰ ਅਤੇ ਸਾਥੀਆ ਵਲੋਂ ਕੀਤਾ ਗਿਆ। ਮਾਤਾ ਪਿਤਾ ਸਾਹਿਬਾਨ ਵਲੋਂ ਸਕੂਲ ਦੇ ਇਸ ਉਪਰਾਲੇ ਉੱਪਰ ਖੁਸ਼ੀ ਜਾਹਿਰ ਕੀਤੀ ਗਈ।