ਲੁਧਿਆਣਾ, 3ਦਸੰਬਰ ( ਵਿਕਾਸ ਮਠਾੜੂ, ਬੌਬੀ ਸਹਿਜਲ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਅਤੇ ਵਰਤਮਾਨ ਸਮੇਂ ਸਿਡਨੀ(ਆਸਟਰੇਲੀਆ) ਪੰਜਾਬੀ ਡਾਃ ਕੁਲਜੀਤ ਸਿੰਘ ਗੋਸਲ ਦੇ ਪਰਿਵਾਰ ਨੇ 1.50 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਤੇ ਪਰਵਾਸੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰੀ ਮਿਡਲ ਸਕੂਲ ਨੜਾਂਵਾਲੀ ਦੀ ਇਮਾਰਤ ਦਾ ਉਦਘਾਟਨ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਨੌਰ ਦੇ ਪਿੰਡ ਨੜਾਂਵਾਲੀ ਦੇ ਜੰਮਪਲ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਨੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚੋਂ ਕਰੀਬ 1.50 ਕਰੋੜ ਰੁਪਏ ਖਰਚ ਕੇ ਪਹਿਲਾਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਹੁਣ ਐਲੀਮੈਂਟਰੀ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ।ਸਰਕਾਰੀ ਮਿਡਲ ਸਕੂਲ ਨੜਾਂਵਾਲੀ ਦੀ ਨਵੀਂ ਬਣੀ ਦਾ ਇਮਾਰਤ ਦਾ ਉਦਘਾਟਨ ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲ ਨੜਾਂਵਾਲੀ (ਕਲਾਨੌਰ ਲਾਗੇ)ਦੀ ਇਮਾਰਤ ਦੇਖਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਤੇ ਪਰਿਵਾਰ ਨੂੰ ਇਸ ਵੱਡੀ ਸੇਵਾ ਲਈ ਵਧਾਈ ਦੇਦਿਆਂ ਕਿਹਾ ਕਿ ਉਹ ਧੰਨਵਾਦ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਇਸ ਪਿੰਡ ਦੇ ਸਰਕਾਰੀ ਸਕੂਲ ਨੂੰ ਡਾ. ਗੋਸਲ ਨੇ ਆਪਣੀ ਨੇਕ ਕਮਾਈ ਨਾਲ ਅਜਿਹੀ ਖੂਬਸੂਰਤ ਦਿੱਖ ਦੇ ਦਿੱਤੀ ਹੈ ਕਿ ਇਸਦਾ ਮੁਾਕਬਲਾ ਵੱਡੇ-ਵੱਡੇ ਕਾਨਵੈਂਟ ਤੇ ਪਬਲਿਕ ਸਕੂਲ ਵੀ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਕਿ ਹੋਰ ਪ੍ਰਵਾਸੀ ਭਾਰਤੀਆਂ ਨੂੰ ਵੀ ਡਾ. ਕੁਲਜੀਤ ਸਿੰਘ ਗੋਸਲ ਵਾਂਗ ਆਪਣੇ ਪਿੰਡਾਂ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ। ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਸੂਬਾ ਵਾਸੀਆਂ ਦੀ ਬਿਹਤਰੀ ਲਈ ਹਰ ਵੇਲੇ ਖੁੱਲਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਵਾਰ ਸਿੱਖਿਆ ਦੇ ਬਜਟ ਵਿੱਚ 17 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਤਕਨੀਕੀ ਸਿੱਖਿਆ ਦੇ ਬਜਟ ਵਿੱਚ 47 ਫੀਸਦੀ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ 57 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ। ਪ੍ਰਵਾਸੀ ਭਾਰਤੀ ਕੁਲਜੀਤ ਸਿੰਘ ਗੋਸਲ ਅਤੇ ਇਲਾਕਾ ਵਾਸੀਆਂ ਵੱਲੋਂ ਨੜਾਂਵਾਲੀ ਸਕੂਲ ਨੂੰ ਅਪਗਰੇਡ ਕਰਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਸਾਰੀ ਪ੍ਰਕ੍ਰਿਆ ਨੂੰ ਜਲਦ ਹੀ ਪੂਰਾ ਕਰਕੇ ਸਕੂਲ ਨੂੰ ਅਪਗਰੇਡ ਕੀਤਾ ਜਾਵੇਗਾ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਡਾ. ਕੁਲਜੀਤ ਸਿੰਘ ਗੋਸਲ ਵੱਲੋਂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਹੋਰ ਪ੍ਰਵਾਸੀ ਪੰਜਾਬੀਆਂ ਵੀ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦਾ ਹਰ ਤਰਾਂ ਨਾਲ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਨੇ ਦੱਸਿਆ ਕਿ ਉਸਨੇ 1966 ਤੋਂ 1973 ਤੱਕ ਪੰਜ ਜਮਾਤਾਂ ਆਪਣੇ ਪਿੰਡ ਦੇ ਇਸ ਸਕੂਲ ਤੋਂ ਕੀਤੀਆਂ ਸਨ। ਇਸ ਤੋਂ ਬਾਅਦ ਉਹ ਵੱਖ-ਵੱਖ ਸਕੂਲਾਂ ’ਚੋਂ ਪੜ੍ਹਦੇ ਹੋਏ ਪੀ ਏ ਯੂ ਲੁਧਿਆਣਾ ਤੋਂ ਐੱਮ ਐੱਸ ਸੀ ਪਾਸ ਕੀਤੀ ਅਤੇ ਮਗਰੋਂ ਸਿਡਨੀ ਯੂਨੀਵਰਸਿਟੀ ਆਸਟਰੇਲੀਆ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਪਹਿਲਾਂ ਉਹ ਆਸਟ੍ਰੇਲੀਆ ਜੇਲ੍ਹ ਵਾਰਡਨ ਦੇ ਅਸਟੈਂਟ ਅਫ਼ਸਰ ਵਜੋਂ ਸੇਵਾ ਮੁਕਤ ਹੋ ਕੇ ਅੱਜ ਕੱਲ ਓਥੇ ਹੀ ਵਕਾਲਤ ਕਰ ਰਹੇ ਹਨ। ਡਾ. ਗੌਸਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲੀ ਸੀ ਅਤੇ ਇਸ ਤੋਂ ਬਾਅਦ ਐਲੀਮੈਂਟਰੀ ਸਕੂਲ ਦੀ ਇਮਾਰਤ ਵੀ ਨਵੀਂ ਤਿਆਰ ਕਰਵਾਈ ਹੈ।ਉਨ੍ਹਾਂ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਉੱਪਰ ਉਨ੍ਹਾਂ ਦਾ ਕਰੀਬ 1.50 ਕਰੋੜ ਰੁਪਏ ਖਰਚ ਆ ਗਿਆ ਹੈ। ਡਾ. ਗੌਸਲ ਦਾ ਕਹਿਣਾ ਹੈ ਕਿ ਜੋ ਸੰਤੁਸ਼ਟੀ ਉਸ ਨੂੰ ਆਪਣੇ ਸਕੂਲ ਦੀ ਨੁਹਾਰ ਬਦਲ ਕੇ ਹੋਈ ਹੈ ਉਹ ਹੋਰ ਕੋਈ ਕੰਮ ਕਰਕੇ ਨਹੀਂ ਹੋਈ।
ਉਨ੍ਹਾਂ ਐਲਾਨ ਕੀਤਾ ਕਿ ਜਦੋਂ ਪੰਜਾਬ ਸਰਕਾਰ ਨੜਾਂਵਾਲੀ ਸਕੂਲ ਨੂੰ ਅਪਗਰੇਡ ਕਰੇਗੀ ਤਾਂ ਉਹ ਨਵੀਂ ਬਣਨ ਵਾਲੀ ਇਮਾਰਤ ਦਾ ਸਾਰਾ ਖਰਚਾ ਵੀ ਆਪਣੇ ਕੋਲੋਂ ਹੀ ਕਰਨਗੇ।ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੌਸਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।ਪਿੰਡ ਨੜਾਂਵਾਲੀ ਦੀ ਪੰਚਾਇਤ ਨੇ ਵੀ ਡਾ. ਕੁਲਜੀਤ ਸਿੰਘ ਗੌਸਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੀ ਇਮਾਰਤ ਤਿਆਰ ਕਰਨ ਵਾਲੇ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਵੀ ਸਨਮਾਨਤ ਕੀਤਾ ਗਿਆ।
ਇਸ ਮੌਕੇ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ, ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ)ਕਲਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਅਮਨਦੀਪ ਕੌਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਗਰੂਪ ਸਿੰਘ ਸੇਖਵਾਂ, ਉੱਘੇ ਜਨਤਕ ਆਗੂ ਗੁਰਦੀਪ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਦੀਨਾਨਗਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਅਮਰਜੀਤ ਸਿੰਘ ਭਾਟੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿ.) ਹਰਪਾਲ ਸਿੰਘ ਸੰਧਾਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।