ਫ਼ਤਹਿਗੜ੍ਹ ਸਾਹਿਬ, 15 ਦਸੰਬਰ: ( ਵਿਕਾਸ ਮਠਾੜੂ, ਮੋਹਿਤ ਜੈਨ)-ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 16 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਜ਼ਿਲ੍ਹੇ ਨਾਲ ਸਬੰਧਤ ਪ੍ਰਾਈਵੇਟ ਕੰਪਨੀਆਂ ਦੇ ਨੁਮਾਇੰਦੇ ਭਾਗ ਲੈਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਐਕਟਿੰਗ ਕਲੋਨਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਟਰੇਨਿੰਗ ਟੇਲਰ ਦੀ ਭਰਤੀ ਕੀਤੀ ਜਾਣੀ ਹੈ ਜਿਸ ਵਿੱਚ ਲੜਕੇ ਤੇ ਲੜਕੀਆਂ ਭਾਗ ਲੈ ਸਕਦੇ ਹਨ। ਇਸ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ 18 ਸਾਲ ਤੋਂ 35 ਸਾਲ ਹੋਣੀ ਚਾਹੀਦੀ ਹੈ ਅਤੇ ਹਾਊਸ ਨੂੰ ਟੇਲਰ ਦੇ ਕੰਮ ਦੀ ਮੁਢਲੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਵਿੱਚ ਭਰਤੀ ਲਈ ਪ੍ਰਾਰਥੀ ਸਿੱਧੇ ਹੀ ਐਕਟਿਵ ਕਲੋਨਿੰਗ ਕੰਪਨੀ ਦੇ ਪਿੰਡ ਬਹਾਲੀ ਆਲਾ ਸਿੰਘ ਵਿਖੇ ਦਫ਼ਤਰ ਵਿੱਚ ਇੰਟਰਵਿਊ ਦੇ ਸਕਦੇ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਕੁੰਭ ਰੋਡ ਵਿਖੇ ਸਥਿਤ ਪ੍ਰਿੰਸ ਅਤੇ ਸਟੀਲ ਕੰਪਨੀ ਵਿੱਚ ਆਫ਼ਿਸ ਅਸਿਸਟੈਂਟ ਅਤੇ ਕਲਰਕ ਦੀ ਭਰਤੀ ਕੀਤੀ ਜਾਵੇਗੀ ਜਿਸ ਦੀ ਇੰਟਰਵਿਊ ਕੰਪਨੀ ਦੇ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਦਫ਼ਤਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਐਲ.ਆਈ.ਸੀ. ਵਿੱਚ ਵਿੱਤੀ ਸਲਾਹਕਾਰ ਦੀ ਭਰਤੀ, ਐਕਸੈੱਸ ਬੈਂਕ ਵਿੱਚ ਸੇਲਜ਼ ਅਫਸਰ ਅਤੇ ਫਲਿੱਪ ਕੋਰਟ ਵਿੱਚ ਡਲਿਵਰੀ ਬੁਆਏ ਦੀ ਭਰਤੀ ਲਈ ਇੰਟਰਵਿਊ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 122 ਵਿੱਚ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਇਸ ਪਲੇਸਮੈਂਟ ਕੈਂਪ ਵਿੱਚ ਜ਼ਰੂਰ ਪਹੁੰਚਣ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਇਨ ਨੰਬਰ 99156-82436 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮ ਵਾਲੇ ਦਿਨ ਕਮਰਾ ਨੰਬਰ 119-ਏ ਵਿੱਚ ਆ ਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।