ਜਗਰਾਉਂ, 15 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਊਰਜਾ ਸੰਭਾਲ ਦਿਵਸ ਤਹਿਤ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਗਤੀਵਿਧੀ ਕਰਵਾਈ ਗਈ।ਇਸ ਮੌਕੇ ਅਧਿਆਪਿਕਾ ਅੰਕਿਤਾ ਨੇ ਊਰਜਾ ਸੁਰਿਖਆ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਜਿਸਦਾ ਮੰਤਵ ਉਰਜਾ ਦੀ ਬੇਲੋੜੀ ਵਰਤੋਂ ਨੂੰ ਘਟਾਉਣਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੀ ਵਰਤੋਂ ਕਰ ਸਕਣ। ਊਰਜਾ ਬਚਾ ਕੇ ਅਸੀਂ ਆਪਣਾਂ ਭਵਿੱਖ ਤੇ ਪੈਸਾ ਦੋਵੇਂ ਬਚਾ ਸਕਦੇ ਹਾਂ। ਊਰਜਾ ਸੰਭਾਲ ਦਿਵਸ ਤੇ ਪ੍ਰਣ ਲੈ ਕੇ ਅਸੀਂ ਉਰਜਾ ਨੂੰ ਵਿਅਰਥ ਨਹੀਂ ਜਾਣ ਦਿਆਂਗੇ, ਜ਼ਰੂਰਤ ਅਨੁਸਾਰ ਹੀ ਵਰਤੋਂ ਕਰਾਂਗੇ, ਕਮਰੇ ਵਿੱਚੋਂ ਬਾਹਰ ਆਉਣ ਤੇ ਲਾਈਟਾਂ ਪੱਖੇ ਬੰਦ ਕਰਕੇ ਹੀ ਆਵਾਂਗੇ ਆਦਿ ਕਰਕੇ ਅਸੀਂ ਊਰਜਾ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸਾਨੂੰ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਵਧਾ ਕੇ ਨਾ-ਨਵਿਆਉਣਯੋਗ ਸਰੋਤਾਂ ਦੀ ਵਰਤੋਂ ਘਟਾ ਕੇ ਊਰਜਾ ਦੀ ਸੰਭਾਲ ਕਰ ਸਕਦੇ ਹਾਂ। ਸਾਨੂੰ ਸੂਰਜੀ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੀ ਵਰਤੋਂ ਕਰ ਸਕਣ।
ਉਪਰੰਤ ਊਰਜਾ ਸੰਭਾਲ ਵਿਸ਼ੇ ਨਾਲ ਸਬੰਧਿਤ ਗਤੀਵਿਧੀ ਡਰਾਇੰਗ, ਸਲੋਗਨ ਅਤੇ ਪੋਸਟਰ ਮੇਕਿੰਗ ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਜੋਸ਼ ਨਾਲ ਭਾਗ ਲਿਆ ਅਤੇ ਅਨੰਦ ਮਾਨਦੇ ਹੋਏ ਗਤੀਵਿਧੀ ਵਿਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਊਰਜਾ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਬੇਲੋੜੀ ਵਰਤੋਂ ਫੇਰ ਚਾਹੇ, ਉਹ ਪਾਣੀ ਹੋਵੇ, ਬਿਜਲੀ ਹੋਵੇ ਜਾਂ ਕੁਝ ਹੋਰ, ਮਾੜੀ ਹੈ ਕਿਉਂਕਿ ਬੇਲੋੜੀ ਵਰਤੋਂ ਨਾਲ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੀ ਵਰਤੋਂ ਤੋਂ ਵਾਂਝੀਆਂ ਰਹਿ ਸਕਦੀਆਂ ਹਨ। ਇਸ ਲਈ ਸਾਨੂੰ ਹੱਦ ਵਿਚ ਰਹਿ ਕੇ ਹੀ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ। ਅੰਤ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
