ਜਗਰਾਉਂ, 19 ਦਸੰਬਰ ( ਵਿਕਾਸ ਮਠਾੜੂ, ਅਸ਼ਵਨੀ)-ਬਲੌਜ਼ਮਜ਼ ਕਾਨਵੈਂਟ ਸਕੂਲ ਜੋ ਕਿ ਬੇਟ ਇਲਾਕੇ ਦੀ ਨਾਮਵਰ ਸੰਸਥਾ ਹੈ, ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਜੋ ਕਿ ਸਮਾਜਿਕ ਗਤੀਵਿਧੀਆਂ, ਵਿਦਿਆਰਥੀਆਂ ਨੂੰ ਜੀਵਨ ਸੇਧ ਅਤੇ ਹੋਰ ਕਾਰਜਾਂ ਲਈ ਸਰਗਰਮ ਰਹਿੰਦੇ ਹਨ, ਨੂੰ ਕੱਲ੍ਹ ਸਿੰਘਾਨੀਆ ਗੁਰੱਪਜ਼ ਵੱਲੋਂ ਰੈਡੀਸਨ ਬਲੂ ਹੋਟਲ ਲੁਧਿਆਣਾ ਵਿਖੇ ਉਲੀਕੇ ਪ੍ਰੋਗਰਾਮ ਵਿਚ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਬੇਟ ਇਲਾਕੇ ਵਿਚੋਂ ਇਕੱਲੇ ਡਾ:ਨਾਜ਼ ਨੂੰ ਮਾਣ ਪ੍ਰਾਪਤ ਹੋਇਆ ਹੈ। ਉਹਨਾਂ ਨੇ ਇਹ ਸਿਹਰਾ ਆਪਣੀ ਅਣਥੱਕ ਮਿਹਨਤ ਦੇ ਨਾਮ ਕੀਤਾ। ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੈਂ ਆਪਣੇ ਜੀਵਨ ਵਿਚ ਮਨੁੱਖਤਾ ਦੀ ਭਲਾਈ ਲਈ ਹਰ ਸਮੇਂ ਤਤਪਰ ਹਾਂ। ਵਿਦਿਆਰਥੀਆਂ ਨੂੰ ਉਹਨਾਂ ਦੇ ਮਿੱਥੇ ਟੀਚੇ ਤੇ ਪਹੁੰਚਾਉਣਾ ਮੈਂ ਆਪਣਾ ਪਹਿਲਾਂ ਫਰਜ਼ ਸਮਝਿਆ ਹੈ। ਐਵਾਰਡ ਮਿਲਣ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ ਤੁਸੀਂ ਸਮਾਜਿਕ ਕਾਰਜਾਂ ਲਈ ਹੋਰ ਜ਼ਿੰਮੇਵਾਰ ਬਣ ਜਾਂਦੇ ਹੋ। ਬਾਕੀ ਮੇਰੇ ਇਹਨਾਂ ਸਨਮਾਨਾਂ ਪਿੱਛੇ ਮੇਰੇ ਪੂਰੇ ਬਲੌਜ਼ਮਜ਼ ਪਰਿਵਾਰ, ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜ਼ਮੈਂਟ ਦਾ ਅਹਿਮ ਰੋਲ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਐਵਾਰਡ ਦੀ ਵਧਾਈ ਦਿੱਤੀ ਗਈ। ਸਕੂਲ ਦੀ ਮੈਨੇਜ਼ਮੈਂਟ ਵਿਚ ਸ:ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਪ੍ਰਿੰਸੀਪਲ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਵੱਲੋਂ ਵੀ ਵਿਦੇਸ਼ ਵਿਚੋਂ ਵਧਾਈ ਭੇਜੀ ਗਈ।