ਜਗਰਾਉਂ, 21 ਦਸੰਬਰ (ਪ੍ਰਤਾਪ ਸਿੰਘ): ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ ਸਜਾਈ ਜਾ ਰਹੀ ਸ਼ਾਮ-ਫੇਰੀ ਦੇ ਸਮਾਗਮ ਡਾਕਟਰ ਪਰਮਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਏ ਜਿਥੇ ਪ੍ਰਸਿੱਧ ਨੌਜਵਾਨ ਰਾਗੀ ਭਾਈ ਅਪਾਰ ਸਿੰਘ (ਜ਼ੀਰੇ ਵਾਲੇ) ਨੇ ਬਹੁਤ ਹੀ ਰਸਭਿਨਾ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਵੱਲੋਂ ਸਾਹਿਬਜ਼ਾਦਿਆਂ ਦੀ ਗਈ ਘੋੜੀ ਨੂੰ ਸੰਗਤਾਂ ਨੇ ਬਹੁਤ ਸਲਾਹਿਆ। ਸੰਘਣੀ ਧੁੰਦ ਨੇ ਸੰਗਤਾਂ ਦੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਿਆਰ, ਸਤਿਕਾਰ ਤੇ ਵੈਰਾਗ ਵਿੱਚ ਭਿਜੀਆਂ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਭਾਵੇਂ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਸੰਗਤਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਆਪਣੇ ਗੁਰੂਆਂ ਸਾਹਿਬਜ਼ਾਦਿਆਂ ਦੀ ਉਸਤਤਿ ਸੁਣ ਕੇ ਧੰਨ ਧੰਨ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਾਮ-ਫੇਰੀ ਦੇ ਸਮਾਗਮ 23 ਦਸੰਬਰ ਤੱਕ ਜਾਰੀ ਰਹਿਣਗੇ। ਸੰਗਤਾਂ ਵਿੱਚ ਦੀਪਇੰਦਰ ਸਿੰਘ ਭੰਡਾਰੀ, ਚਰਨਜੀਤ ਸਿੰਘ ਚੀਨੂੰ, ਆਈ ਪੀ ਐਸ, ਤਰਲੋਕ ਸਿੰਘ ਸਿਧਾਣਾ, ਗੁਰਮੀਤ ਸਿੰਘ ਸਿਧਾਣਾ ਤੇ ਗਗਨਦੀਪ ਸਿੰਘ ਸਰਨਾ ਆਦਿ ਹਾਜ਼ਰ ਸਨ।