· ਫਾਰਮ ਫ਼ੀਲਡ ਸਕੂਲ ਵਿੱਚ ਮਿਲੀ ਜਾਣਕਾਰੀ ਨੂੰ ਹੋਰ ਕਿਸਾਨਾਂ ਨਾਲ ਸਾਂਝੀ ਕਰਨ ਦੀ ਅਪੀਲ
ਅਹਿਮਦਗੜ੍ਹ 22 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ੍ਹ ਵੱਲੋਂ ਆਤਮਾ ਸਕੀਮ ਅਧੀਨ ਖੇਤੀ-ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਪਿਛਲੇ ਦਿਨੀਂ ਪਿੰਡ ਮਾਣਕੀ ਵਿਖੇ ਕੈਂਪ ਲਗਾਇਆ ਗਿਆ । ਜਿਸ ਦੌਰਾਨ ਸਰਪੰਚ ਦਲਜੀਤ ਸਿੰਘ ਦੇ ਖੇਤ ਵਿੱਚ ਸਰ੍ਹੋਂ ਦੀ ਫ਼ਸਲ ਤੇ ਫਾਰਮ ਫ਼ੀਲਡ ਸਕੂਲ ਅਧੀਨ ਦੂਜੀ ਕਲਾਸ ਲਗਾਈ ਗਈ। ਏ.ਡੀ.ਓ ਅਨਮੋਲਦੀਪ ਸਿੰਘ ਨੇ ਇਸ ਫਾਰਮ ਫ਼ੀਲਡ ਸਕੂਲ ਵਿੱਚ ਸਰ੍ਹੋਂ ਦੀ ਕਾਸ਼ਤ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਵਿੱਚ ਇਸ ਸਮੇਂ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਬੀ.ਟੀ.ਐੱਮ ਮੁਹੰਮਦ ਜਮੀਲ ਨੇ ਕਿਸਾਨਾਂ ਨੂੰ ਫ਼ਸਲੀ ਭਵਿੰਨਤਾ ਅਧੀਨ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਹੋਰ ਫ਼ਸਲਾਂ ਜਿਵੇਂ ਕਿ ਸਰ੍ਹੋਂ, ਛੋਲੇ ਅਤੇ ਦਾਲਾਂ ਦੀ ਕਾਸ਼ਤ ਵੱਲ ਆਉਣ ਲਈ ਪ੍ਰੇਰਿਤ ਕੀਤਾ।ਇਸ ਫਾਰਮ ਫ਼ੀਲਡ ਸਕੂਲ ਦਾ ਪ੍ਰਬੰਧ ਟੈਕਨਾਲੋਜੀ ਮੈਨੇਜਰ ਮਨਦੀਪ ਸਿੰਘ ਨੇ ਕੀਤਾ । ਉਨ੍ਹਾਂ ਕਿਸਾਨਾਂ ਨੂੰ ਇਸ ਫਾਰਮ ਫ਼ੀਲਡ ਸਕੂਲ ਵਿੱਚ ਮਿਲੀ ਜਾਣਕਾਰੀ ਨੂੰ ਹੋਰ ਕਿਸਾਨਾਂ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ।ਇਸ ਫਾਰਮ ਫ਼ੀਲਡ ਸਕੂਲ ਵਿੱਚ ਸਰਪੰਚ ਦਲਜੀਤ ਸਿੰਘ, ਬਲਵਿੰਦਰ ਸਿੰਘ, ਕਮਲਵੀਰ ਸਿੰਘ, ਦਲਵੀਰ ਸਿੰਘ, ਜਸਪ੍ਰੀਤ ਸਿੰਘ ਆਦਿ ਕਿਸਾਨ ਸ਼ਾਮਲ ਹੋਏ।
