ਜਲੰਧਰ,05 ਮਾਰਚ (ਰਾਜੇਸ਼ ਜੈਨ – ਮੋਹਿਤ ਜੈਨ): ਨੈਸ਼ਨਲ ਪ੍ਰੋਗਰਾਮ ਫਾੱਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡਿਓ-ਵੈਸਕੂਲਰ ਡਿਜੀਜ ਐਂਡ ਸੰਟਰੋਕ (ਐਨ.ਪੀ.ਸੀ.ਡੀ.ਸੀ.ਐਸ.) ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਮੈਡੀਕਲ ਸੁਪਰਡੈਂਟ ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਦੀ ਅਗਵਾਈ ਵਿੱਚ ਐਤਵਾਰ ਨੂੰ “ਅੰਤਰਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।ਡਾ. ਰਾਜੀਵ ਸ਼ਰਮਾ ਵੱਲੋਂ ਸਵੇਰੇ 6:30 ਵਜੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਾਈਕਲ ਰੈਲੀ ਸਿਵਲ ਸਰਜਨ ਦਫ਼ਤਰ ਜਲੰਧਰ ਤੋਂ ਸ਼ੁਰੂ ਹੋ ਕੇ ਜਯੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਿਲਕ ਬਾਰ ਚੌਕ, ਮਾਡਲ ਟਾਊਨ ਸ਼ਿਵਾਨੀ ਪਾਰਕ, ਏ.ਪੀ.ਜੇ. ਕਾਲਜ, ਗੁਰੂ ਨਾਨਕ ਮਿਸ਼ਨ ਚੌਕ, ਸਕਾਈ ਲਾਰਕ ਚੌਕ ਤੋਂ ਹੁੰਦੇ ਹੋਏ ਸਿਵਲ ਸਰਜਨ ਦਫ਼ਤਰ ਵਿਖੇ ਸਮਾਪਤ ਹੋਈ। ਰੈਲੀ ਵਿੱਚ ਸਾਈਕਲ ਰਾਈਡਰਜ਼, ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਹਿੱਸਾ ਲਿਆ ਗਿਆ।ਡਾ. ਰਾਜੀਵ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਸਿਹਤ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸਾਈਕਲ ਰੈਲੀ ਨੂੰ ਕੱਢਣ ਦਾ ਮੁੱਖ ਮਕਸਦ “ਸਿਹਤਮੰਦ ਔਰਤ ਸਿਹਤਮੰਦ ਭਾਰਤ” ਦਾ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਦਿਲ/ਦਿਮਾਗ ਦਾ ਦੌਰਾ ਆਦਿ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਵੱਲੋਂ ਰੈਲੀ ਵਿੱਚ ਸਹਿਯੋਗ ਦੇਣ ਲਈ ਸਾਈਕਲ ਰਾਈਡਰਜ਼ ਦੀ ਸ਼ਲਾਘਾ ਕੀਤੀ ਗਈ।ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਸਾਈਕਲ ਚਲਾਉਣ ਦੇ ਫਾਇਦੇਆਂ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਤੋਂ ਬਚਾਅ ਲਈ ਸਾਨੂੰ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ, ਤੰਬਾਕੂ ਅਤੇ ਸ਼ਰਾਬ ਤੋਂ ਪਰਹੇਜ਼ ਅਤੇ ਰੋਜਾਨਾ ਕਸਰਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਦੀ ਸਮੇਂ ਸਿਰ ਪਹਿਚਾਣ ਸਾਨੂੰ ਤੰਦਰੁਸਤ ਰੱਖ ਸਕਦੀ ਹੈ, ਇਸ ਲਈ 30 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇੱਕ ਵਾਰ ਸਰੀਰਕ ਜਾਂਚ ਜਰੂਰ ਕਰਵਾਓ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਨਾਲ ਤੰਦਰੁਸਤ ਅਤੇ ਲੰਬਾ ਜੀਵਨ ਜੀਅ ਸਕੀਏ।
