ਮੁਸ਼ਿਕਲਾਂ ਦੱਸਣ ਆਈ ਪਬਲਿਕ ਦੀ ਮੌਜੂਦਗੀ ਵਿਚ ਕੌਂਸਲਰ ਅਲਾਪਦੇ ਰਹੇ ਆਪਣਾ ਰਾਗ
ਜਗਰਾਉਂ, 12 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੰਜਾਬ ਸਰਕਾਰ ਵੱਲੋਂ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚ ਕੇ ਹਲ ਕਰਨ ਲਈ ਸ਼ੁਰੂ ਕੀਤੇ ਗਏ ਨਾਗਰਿਕ ਜਾਗਰੂਕਤਾ ਅਤੇ ਸ਼ਿਕਾਇਤ ਨਿਵਾਰਣ ਕੈਂਪ ਦੀ ਲੜੀ ਤਹਿਤ ਏ.ਡੀ.ਸੀ ਅਨੀਤਾ ਦਰਸ਼ੀ ਦੀ ਅਗਵਾਈ ਹੇਠ ਸਥਾਨਕ ਅਗਵਾੜ ਲੋਪੋ ਕਲਾਂ ਦੇ ਪਾਰਕ ਵਿੱਚ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਤੇ ਹੋਰ ਅਧਿਕਾਰੀ ਪੁੱਜੇ। ਲੋਕਾਂ ਦੀਆਂ ਸਮੱਸਿਆਵਾਂ ਮੌਕੇ ’ਤੇ ਸੁਣੀਆਂ ਗਈਆਂ, ਕੁਝ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਕੁਝ ਸ਼ਿਕਾਇਤਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸਭ ਤੋਂ ਵੱਧ ਸ਼ਿਕਾਇਤਾਂ ਸ਼ਹਿਰ ਦੇ ਵਾਰਡਾਂ ਵਿਚ ਗੰਦਗੀ , ਗਲੀਆਂ, ਨਾਲੀਆਂ ਅਤੇ ਸੜਕਾਂ ਦੀਆਂ ਪੁੱਜੀਆਂ। ਇਸ ਮੌਕੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਏ.ਡੀ.ਸੀ ਅਨੀਤਾ ਦਰਸ਼ੀ ਨੇ ਨਗਰ ਕੌਾਸਲ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਾਰਡਾਂ ਵਿੱਚ 5-5 ਸਫ਼ਾਈ ਕਰਮਚਾਰੀ ਪੱਕੇ ਤੌਰ ’ਤੇ ਲਗਾਏ ਜਾਣ ਤਾਂ ਜੋ ਸਫ਼ਾਈ ਦਾ ਕੰਮ ਵਧੀਆ ਢੰਗ ਨਾਲ ਹੋ ਸਕੇ। ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਦੱਸਿਆ ਕਿ ਵਾਰਡ ਨੰਬਰ 11 ਦੀ ਕੌਂਸਲਰ ਸੁਖਦੇਵ ਕੌਰ ਨੇ ਆਪਣੇ ਵਾਰਡ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਏਡੀਸੀ ਅਤੇ ਵਿਧਾਇਕ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ।
ਕੌਂਸਲਰਾਂ ਦੀ ਧੜੇਬੰਦੀ ਫਿਰ ਸਾਹਮਣੇ ਆਈ-ਜਗਰਾਉਂ ਨਗਰ ਕੌਂਸਲ ਵਿੱਚ ਕਾਂਗਰਸ ਦੇ ਬਾਗੀ ਧੜੇ ਦੇ ਕੌਂਸਲਰਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਕੌਂਸਲਰਾਂ ਵਲੋਂ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਅਹੁਦੇ ਤੋਂ ਹਟਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪਿਛਲੇ ਲੰਬੇ ਸਮੇਂ ਤੋਂ ਠੱਪ ਪਏ ਹੋਏ ਹਨ। ਪਿਛਲੇ 4 ਮਹੀਨਿਆਂ ਤੋਂ ਬਾਗ਼ੀ ਕੌਂਸਲਰਾਂ ਵੱਲੋਂ ਹਾਊਸ ਮੀਟਿੰਗ ਦੇ ਸਾਰੇ ਏਜੰਡੇ ਰੱਦ ਕਰਕੇ ਮੀਟਿੰਗਾਂ ਨੂੰ ਲਗਾਤਾਰ ਫੇਲ੍ਹ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੰਵਿਧਾਨਕ ਤੌਰ ’ਤੇ ਵੀ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਇਆ ਗਿਆ ਇਹ ਕੈਂਪ ਵੀ ਜਗਰਾਉਂ ਦੇ ਕੌਂਸਲਰਾਂ ਦੀ ਧੜੇਬੰਦੀ ਦੀ ਭੇਂਟ ਚੜ੍ਹ ਗਿਆ। ਪਿਬਲਿਕ ਦੀਆਂ ਸਮੰਸਿਆਵਾਂ ਲਈ ਲਗਾਏ ਇਸ ਕੈਂਪ ਦਾ ਬਹੁਤਾ ਸਮਾਂ ਵੀ ਬਾਗੀ ਧੜੇ ਦੇ ਕੌਂਸਲਰਾਂ ਕਾਰਨ ਖਰਾਬ ਹੋਇਆ। ਇਸ ਕੈਂਪ ਵਿਚ ਬਾਗੀ ਧੜ੍ਹੇ ਦੇ ਕੌਂਸਲਰ ਅਪਣਾ ਅਲੱਗ ਕੈਂਪ ਲਗਾ ਕੇ ਬੈਠੇ ਹੋਏ ਸਨ। ਜਦੋਂ ਕਿ ਪ੍ਰਧਾਨ ਨਗਰ ਕੌਂਸਲ ਜਤਿੰਦਰ ਪਾਲ ਰਾਣਾ , ਏ.ਡੀ.ਸੀ ਅਤੇ ਵਿਧਾਇਕ ਸਰਵਜੀਤ ਮਾਣੂੰਕੇ ਨਾਲ ਮੁੱਖ ਕੈਂਪ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਏਡੀਸੀ ਅਨੀਤਾ ਦਰਸ਼ੀ ਨੂੰ ਮੁੱਖ ਕੈਂਪ ਨੂੰ ਵਿਚਕਾਰ ਹੀ ਛੱਡ ਕੇ ਦੂਜੇ ਪਾਸੇ ਬੈਠੇ ਬਾਗੀ ਧੜ੍ਹੇ ਦੇ ਕੌਂਸਲਰਾਂ ਦੇ ਗਰੁੱਪ ਕੋਲ ਵੀ ਜਾਣਾ ਪਿਆ। ਉੱਥੇ ਨਗਰ ਕੌਂਸਲ ਹਾਊਸ ਵਿੱਚ ਆਪਣਾ ਬਹੁਮਤ ਹੋਣ ਦਾ ਦਾਅਵਾ ਕਰਨ ਵਾਲੇ ਅਤੇ ੁਫਧਾਨ ਰਾਣਾ ਨੂੰ ਪ੍ਰਧਾਨ ਦੀ ਕੁਰਸੀ ਤੋਂ ਉਤਾਰ ਕੇ ਪ੍ਰਧਾਨ ਬਨਣ ਦਾ ਸੁਪਨਾ ਲੈਣ ਵਾਲਾ ਕੌਂਸਲਰ ਆਪਣੇ ਧੜ੍ਹੇ ਦੇ ਕੌਂਸਲਰਾਂ ਸਮੇਤ ਉਨ੍ਹਾਂ ਦੀ ਸੁਣਵਾਈ ਨਾ ਹੋਣ ਦਾ ਰੌਣਾ ਰੋਂਦਾ ਰਿਹਾ। ਉਨ੍ਹਾਂ ਨੇ ਏਡੀਸੀ ਕੋਲ ਉਨ੍ਹਾਂ ਦੇ ਕੰਮ ਨਾ ਹੋਣ ਦੀ ਦੁਹਾਈ ਵੀ ਦਿਤੀ। ਜਦੋਂ ਕਾਫੀ ਦੇਰ ਤੱਕ ਉਹ ਕੌਂਸਲਰ ਉਨ੍ਹਾਂ ਦੀ ਸੁਣਵਾਈ ਨਾ ਹੋਣ ਦਾ ਰੋਣਾ ਰੋਂਦੇ ਰਹੇ ਤਾਂ ਉਥੇ ਆਪਣੀਆਂ ਸ਼ਿਕਾਇਤਾਂ ਲੈ ਕੇ ਪੁੱਜੀਆਂ ਕੁਝ ਔਰਤਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਕੈਂਪ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਗਾਇਆ ਗਿਆ ਹੈ। ਜੇਕਰ ਕੌਂਸਲਰ ਹੀ ਆਪਣੀ ਸੁਣਵਾਈ ਨਾ ਹੋਣ ਦੀ ਦੁਹਾਈ ਦਿੰਦੇ ਰਹੇ ਤਾਂ ਉਹ ਅਧਿਕਾਰੀ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਗੇ। ਜੇਕਰ ਕੌਂਸਲਰ ਆਪਣੀਆਂ ਸਮੱਸਿਆਵਾਂ ਦੱਸਣਾ ਚਾਹੁੰਦੇ ਹਨ ਤਾਂ ਉਹ ਨਗਰ ਕੌਂਸਲ ਦੀ ਮੀਟਿੰਗ ਵਿੱਚ ਜਾਂ ਅਧਿਕਾਰੀਆਂ ਕੋਲ ਜਾ ਕੇ ਦੱਸਣ । ਪਰ ਜਨਤਾ ਦਾ ਸਮਾਂ ਖਰਾਬ ਨਾ ਕਰਨ। ਔਰਤਾਂ ਦੇ ਵਿਰੋਧ ’ਤੇ ਏ.ਡੀ.ਸੀ ਅਨੀਤਾ ਦਰਸ਼ੀ ਨੇ ਮੁੱਖ ਕੈਂਪ ’ਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।