ਫ਼ਤਹਿਗੜ੍ਹ ਸਾਹਿਬ, 23 ਦਸੰਬਰ:( ਵਿਕਾਸ ਮਠਾੜੂ, ਮੋਹਿਤ ਜੈਨ)-ਆਉਣ ਵਾਲੇ 25 ਸਾਲਾਂ ਵਾਸਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਿਕਾਸ ਦਾ ਵਿਜ਼ਨ ਤਿਆਰ ਕੀਤਾ ਜਾਵੇ ਤਾਂ ਜੋ 2047 ਤੱਕ ਇਹ ਜ਼ਿਲ੍ਹਾ ਇੱਕ ਮਾਡਲ ਜ਼ਿਲ੍ਹੇ ਵਜੋਂ ਉਭਰ ਕੇ ਸਾਹਮਣੇ ਆ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਰੈਡ ਕਰਾਸ ਸੋਸਾਇਟੀ, ਪੰਜਾਬ ਦੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਹਰੇਕ ਪੱਖੋਂ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਸ ਜਗ੍ਹਾਂ ਤੇ ਜਿਥੇ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ਼ਜਾਦਿਆਂ ਬਾਬਾ ਜ਼ੋਰਵਾਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸ਼ੁਸੋਭਿਤ ਹਨ ਉਥੇ ਹੀ ਮੁਸਲਿਮ ਧਰਮ ਦਾ ਸਥਾਨ ਰੋਜ਼ਾ ਸ਼ਰੀਫ, ਮਾਤਾ ਚਕਰੇਸ਼ਵਰੀ ਮੰਦਰ ਅਤੇ ਸੰਘੋਲ ਵਿਖੇ ਬੁੱਧ ਕਾਲ ਦੇ ਅਵਸ਼ੇਸ਼ਾਂ ਵਾਲੀ ਜਗ੍ਹਾਂ ਵੀ ਸਥਿਤ ਹੈ ਜਿਸ ਨਾਲ ਹਰੇਕ ਧਰਮ ਦੇ ਲੋਕਾਂ ਦੀ ਆਸਥਾ। ਇਸ ਜ਼ਿਲ੍ਹੇ ਨਾਲ ਜੁੜੀ ਹੋਈ ਹੈ।ਢਿੱਲੋਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੈਰ ਸਪਾਟੇ ਦੇ ਖੇਤਰ ਵਿੱਚ ਵੀ ਇਸ ਜ਼ਿਲ੍ਹੇ ਲਈ ਵੱਡੀਆਂ ਸੰਭਾਵਨਾਵਾਂ ਹਨ ਅਤੇ ਇਥੇ ਸਥਿਤ ਇਤਿਹਾਸਕ ਇਮਾਰਤਾਂ ਵੇਖਣ ਲਈ ਦੁਨੀਆਂ ਦੇ ਕੋਨੋ-ਕੋਨੇ ਵਿੱਚੋਂ ਯਾਤਰੀ ਆਉਂਦੇ ਹਨ ਇਸ ਲਈ ਜ਼ਿਲ੍ਹੇ ਨੂੰ ਸੈਰ ਸਪਾਟੇ ਦੇ ਖੇਤਰ ਵਿੱਚ ਹੋਰ ਵਿਕਸਤ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਇਸ ਜ਼ਿਲ੍ਹੇ ਨੂੰ ਸੈਰ ਸਪਾਟੇ ਦੇ ਖੇਤਰ ਵਜੋਂ ਵਿਕਸਤ ਕਰਨ ਲਈ ਕੇਂਦਰ ਸਰਕਾਰ ਨੂੰ ਰਿਪੋਰਟ ਭੇਜੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਤਹਿਤ ਸੂਬਿਆਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆ ਹਨ ਇਸ ਲਈ ਵੱਧ ਤੋਂ ਵੱਧ ਕੇਂਦਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ ਤਾਂ ਜੋ ਕੇਂਦਰ ਸਰਕਾਰ ਤੋਂ ਵੱਧ ਤੋਂ ਵੱਧ ਫੰਡ ਹਾਸਲ ਕਰਕੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾ ਸਕੇ ਅਤੇ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਹਾਸਲ ਹੋ ਸਕੇ।ਸਕੱਤਰ ਰੈਡ ਕਰਾਸ ਸੋਸਾਇਟੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਿੱਖਿਆ ਮਾਹਰਾਂ ਦੀਆਂ ਸੇਵਾਵਾਂ ਲੈ ਕੇ ਅਜਿਹੀਆਂ ਯੋਜਨਾਵਾਂ ਉਲੀਕੀਆਂ ਜਾਣ ਜਿਸ ਨਾਲ ਇਸ ਜ਼ਿਲ੍ਹੇ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਮੋਹਰੀ ਸਥਾਨ ਬਣ ਸਕੇ। ਉਨ੍ਹਾਂ ਸਿਹਤ ਵਿਭਾਗ ਵੱਲੋਂ ਗਰਭਵਤੀ ਮਾਂਵਾਂ ਤੇ ਨਵ ਜਨਮੇ ਬੱਚਿਆਂ ਦੀ ਸਿਹਤ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਕੰਮ ਕਰ ਰਹੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਟੀਮ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਢਿੱਲੋਂ ਨੂੰ ਭਰੋਸਾ ਦਿਵਾਇਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਆਉਂਦੇ 25 ਸਾਲਾਂ ਵਾਸਤੇ ਜ਼ਿਲ੍ਹੇ ਦੇ ਵਿਕਾਸ ਲਈ ਵਿਸਥਾਰਤ ਯੋਜਨਾ ਉਲੀਕ ਦੇ ਇਸ ਨੁੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਢਿੱਲੋਂ ਨੂੰ ਸ਼ਹੀਦੀ ਸਭਾ ਦੌਰਾਨ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸ਼ਹੀਦੀ ਸਭਾ ਲਈ ਬਣਾਇਆ ਗਿਆ ਸੈਕਟਰ ਮੈਪ ਵੀ ਜਾਰੀ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੋਹਲ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਬਸੀ ਪਠਾਣਾ ਅਸ਼ੋਕ ਕੁਮਾਰ, ਐਸ.ਡੀ.ਐਮ. ਖਮਾਣੋਂ ਪਰਲੀਨ ਕਾਲੇਕਾ, ਐਸ.ਡੀ.ਐਮ. ਅਮਲੋਹ ਗੁਰਵਿੰਦਰ ਸਿੰਘ ਜੋਹਲ, ਸਿਵਲ ਸਰਜਨ ਡਾ: ਵਿਜੈ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਨੀਲ ਨਾਥ, ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।