ਬਹੁਤ ਹੀ ਸੂਖਮ ਬੈਕਟੀਰੀਆ ਕਰੋਨਾ ਦੇ ਕਹਿਰ ਨੇ ਇੱਕ ਵਾਰ ਸਾਰੇ ਸੰਸਾਰ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਕਰ ਦਿਤਾ ਸੀ। ਦਿਨ ਅਤੇ ਰਾਤ ਕਦੇ ਨਾ ਰੁਕਣ ਵਾਲੀ ਦੁਨੀਆ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਸੀ। ਦੁਨੀਆ ਭਰ ਦੇ ਸਾਰੇ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਲਾਸ਼ਾਂ ਦੇ ਅੰਬਾਰ ਲੱਗੇ ਹੋਏ ਸਨ ਅਤੇ ਅੰਤਿਮ ਸੰਸਕਾਰ ਕਰਨ ਲਈ ਕੋਈ ਥਾਂ ਨਹੀਂ ਸੀ ਲੱਭ ਰਹੀ। ਅਜਿਹੀ ਸਥਿਤੀ ਪੈਦਾ ਹੋ ਗਈ ਕਿ ਅੱਜ ਵੀ ਉਸ ਸਮੇਂ ਨੂੰ ਯਾਦ ਕਰਕੇ ਸਭ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਘਰਾਂ ਦੇ ਘਰ ਇਸ ਭਿਆਨਕ ਬਿਮਾਰੀ ਦੀ ਭੇਂਟ ਚੜ੍ਹ ਕੇ ਖਤਮ ਹੋ ਗਏ। ਭਾਵੇਂ ਕਿ ਉਸ ਸਮੇਂ ਪੂਰੀ ਦੁਨੀਆ ਦੇ ਦੇਸ਼ਾਂ ਨੇ ਇਸ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਤਿਆਰ ਕੀਤੀ ਸੀ ਅਤੇ ਇਹ ਟੀਕਾਕਰਨ ਵੀ ਸਾਰੇ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਲਗਾਇਆ ਗਿਆ। ਇੱਕ ਵਾਰ ਸਭ ਕੁਝ ਆਮ ਵਾਂਗ ਹੋ ਗਿਆ। ਹੁਣ ਇਕ ਵਾਰ ਫਿਰ ਇਹ ਭਿਆਨਕ ਬਿਮਾਰੀ ਦਸਤਕ ਦੇ ਰਹੀ ਹੈ। ਪਹਿਲਾਂ ਵੀ ਕਰੋਨਾ ਚੀਨ ਤੋਂ ਇਹ ਸ਼ੁਰੂ ਹੋਇਆ ਸੀ ਅਤੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿਤੀ। ਹੁਣ ਦੁਬਾਰਾ ਚੀਨ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਮਹਾਂਮਾਰੀ ਇੱਕ ਵਾਰ ਫਿਰ ਪਹਿਲਾਂ ਵਾਂਗ ਚੀਨ ਵਿਚ ਤਬਾਹੀ ਮਚਾ ਰਹੀ ਹੈ ਅਤੇ ਆਲੇ-ਦੁਆਲੇ ਦੇ ਹੋਰ ਦੇਸ਼ ਵੀ ਇਸ ਦੀ ਲਪੇਟ ਵਿੱਚ ਆਉਂਦੇ ਨਜ਼ਰ ਆ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਇਸ ਸੰਬਧੀ ਅਲਰਟ ਰਹਿਣ ਲਈ ਜਾਗਰੂਕ ਕੀਤਾ ਗਿਆ ਹੈ ਅਤੇ ਸਾਰੇ ਦੇਸ਼ ਵਾਸੀਆਂ ਤੋਂ ਸੁਚੇਤ ਰਹਿਣ ਦੀ ਉਮੀਦ ਜਤਾਈ ਹੈ ਅਤੇ ਇਸ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਹੀ ਇਸ ਮਹਾਂਮਾਰੀ ਨੂੰ ਰੋਕਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਇਸਤੋਂ ਪਹਿਲਾਂ ਡਬਲਯੂਐਚਓ ਵਲੋਂ ਸਾਰੇ ਦੇਸ਼ਾਂ ਨੂੰ ਸੁਚੇਤ ਕੀਤਾ ਗਿਆ ਸੀ। ਉਸ ਸਮੇਂ ਭਾਰਤ ਸਰਕਾਰ ਨੂੰ ਦੂਜੇ ਦੇਸ਼ਾਂ ਨਾਲ ਅੰਤਰਰਾਸ਼ਟਰੀ ਹਵਾਈ ਉਡਾਣਾਂ ਨੂੰ ਬੰਦ ਕਰਨ ਲਈ ਵੀ ਕਿਹਾ ਗਿਆ ਸੀ। ਪਰ ਉਸ ਸਮੇਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਟਰੰਪ ਦਾ ਭਾਰਤ ਦਾ ਦੌਰਾ ਰੱਖਿਆ ਗਿਆ ਸੀ। ਜਿਸ ਵਿਚ ਸ਼ਕਤੀ ਪ੍ਰਦਰਸ਼ਨ ਦਿਖਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਗਿਆ ਸੀ। ਟਰੰਪ ਦੇ ਆਉਣ ਤੋਂ ਪਹਿਲਾਂ ਇਹ ਤੇਜ਼ੀ ਨਾਲ ਫੈਲ ਰਹੀ ਸੀ। ਪਰ ਸਰਕਾਰ ਨੇ ਇਸ ਨੂੰ ਹਲਕੇ ਤੌਰ ’ਤੇ ਲਿਆ ਅਤੇ ਟਰੰਪ ਦੇ ਦੌਰੇ ਦੇ ਖਤਮ ਹੋਣ ਤੋਂ ਬਾਅਦ ਦੇਸ਼ ਪੂਰੀ ਤਰ੍ਹਾਂ ਕਰੋਨਾ ਦੀ ਲਪੇਟ ਵਿਚ ਆ ਚੁੱਕਾ ਸੀ। ਉਸਤੋਂ ਬਾਅਦ ਕੇਂਦਰ ਸਰਕਾਰ ਵਲੋਂ ਕਰੋਨਾ ਸਬੰਧੀ ਪਾਬੰਦੀਅਆੰ ਲਗਾਉਣੀ ਸ਼ੁਰੂ ਕੀਤੀਆਂ ਸਨ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜੇਕਰ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਸਮੇਂ ਤੋਂ ਪਹਿਲਾਂ ਰੋਕ ਦਿੱਤਾ ਜਾਂਦਾ ਤਾਂ ਹਾਲਾਤ ਕਾਫੀ ਸੁਖਾਵੇਂ ਹੋ ਸਕਦੇ ਸਨ। ਜੋ ਬੀਤ ਗਿਆ ਸੋ ਬੀਤ ਗਿਆ ਅਨੁਸਾਰ ਬੀਤੇ ਸਮੇਂ ਦੀਆਂ ਗਲਤੀਆਂ ਨੂੰ ਭੁਲਾ ਕੇ ਅਗਲੇ ਸਮੇਂ ਦੀ ਸੋਚ ਰੱਖਣਾਂੀ ਚਾਹੀਦੀ ਹੈ। ਇਸ ਲਈ ਹੁਣ ਜਿਹੜੇ ਦੇਸ਼ਾਂ ਵਿਚ ਇਹ ਬਿਮਾਰੀ ਫੈਲ ਚੁੱਕੀ ਹੈ ਉਨ੍ਹਾਂ ਦੇਸ਼ਾਂ ਹਵਾਈ ਉਡਾਣਾਂ ਬੰਦ ਤੁਰੰਤ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇਸ਼ਾਂ ’ਤੇ ਵੀ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਜਿੱਥੋਂ ਵਸਤੂਆਂ ਦੀ ਦਰਾਮਦ ਅਤੇ ਨਿਰਯਾਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਕੋਰੋਨਾ ਦਾ ਟੀਕਾ ਨਹੀਂ ਲਗਾਇਆ ਗਿਆ ਹੈ, ਉਹ ਸਾਰੇ ਲੋਕ ਵੈਕਸੀਨੇਸ਼ਨ ਜਰੂਰ ਲਗਵਾਉਣ ਅਤੇ ਜਿਨ੍ਹਾਂ ਨੇ ਇਕ ਤੋਂ ਬਾਅਦ ਦੂਸਰੀ ਖੁਰਾਕ ਨਹੀਂ ਲਈ ਉਹ ਵੀ ਤੁਰੰਤ ਕਰੋਨਾ ਵੈਕਸੀਨੇਸ਼ਨ ਦੀ ਦੂਸਰੀ ਖੁਰਾਕ ਜਰੂਰ ਲੈਣ ਕਿਉਂਕਿ ਜੇਕਰ ਤੁਹਾਡੇ ਵੈਕਸੀਨੇਸ਼ਨ ਲੱਗੀ ਹੋਈ ਹੈ ਤਾਂ ਕਰੋਨਾ ਦਾ ਪ੍ਰਭਾਵ ਤੁਹਾਡੇ ਤੇ ਬੇ-ਹੱਦ ਘੱਟ ਹੋਵੇਗਾ ਅਤੇ ਜਿਸਮਾਨੀ ਤੌਰ ਤੇ ਤੁਹਾਡਾ ਨੁਕਸਾਨ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਹਨ। ਇਸ ਲਈ ਹੁਣੇ ਤੋਂ ਹੀ ਚੌਕਸੀ ਰੱਖੀ ਜਾਣੀ ਚਾਹੀਦੀਲ ਹੈ ਤਾਂ ਜੋ ਭਾਰਤ ਵਿਚ ਇਸ ਭਿਆਨਕ ਮਹਾਂਮਾਰੀ ਦਾ ਪ੍ਰਕੋਪ ਮੁੜ ਨਾ ਪੈਦਾ ਹੋ ਜਾਵੇ ਅਤੇ ਪਹਿਲਾਂ ਹੋਏ ਹਾਲਾਤਾਂ ਕਾਰਨ ਹੋਏ ਸਭ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਅਜੇ ਤੱਕ ਨਹੀਂ ਹੋ ਸਕੀ। ਜੇਕਰ ਸਾਨੂੰ ਦੁਬਾਰਾ ਅਜਿਹਾ ਨੁਕਸਾਨ ਝੱਲਣਾ ਪਿਆ ਤਾਂ ਉਸਦੀ ਭਰਪਾਈ ਕਦੇ ਵੀ ਨਹੀਂ ਹੋ ਸਕੇਗੀ। ਇਸ ਲਈ ਇਸ ਵਧ ਰਹੀ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲਿਆ ਜਾਵੇ।
ਹਰਵਿੰਦਰ ਸਿੰਘ ਸੱਗੂ