ਜਗਰਾਓਂ, 23 ਦਸੰਬਰ ( ਰੋਹਿਤ ਗੋਇਲ, ਬੌਬੀ ਸਹਿਜਲ )-ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਅਪਰਾਧੀ ਕਿਸਮ ਦੇ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਵਿੱਚ ਆਈਜੀ ਕੌਸ਼ਤਭ ਸ਼ਰਮਾ ਅਤੇ ਐਸਐਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਐਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸ਼ਹਿਰ ਨੂੰ ਚਾਰੋਂ ਪਾਸਿਓਂ ਨਾਕਾਬੰਦੀ ਲਗਾ ਕੇ ਸੀਲ ਕਰਨ ਉਪਰੰਤ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਰਾਏਕੋਟ ਰੋਡ ਤੇ ਮੁਹੱਲਾ ਗਾਂਧੀ ਨਗਰ ਸਮੇਤ ਹੋਰ ਸ਼ੱਕੀ ਥਾਵਾਂ ਦੇ ਇਲਾਕਿਆਂ ਵਿਚ ਪੁਲਿਸ ਵੱਲੋਂ ਜ਼ਬਰਦਸਤ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਡਾਗ ਸਕੁਐਡ ਅਤੇ ਬੰਬ ਸਕੁਐਡ ਦਾ ਵੀ ਸਹਿਯੋਗ ਲਿਆ ਗਿਆ। ਇਸ ਚੈਕਿੰਗ ਮੁਹਿੰਮ ਦੌਰਾਨ ਆਈਜੀ ਕੌਸ਼ਤਭ ਸ਼ਰਮਾ ਅਤੇ ਐਸਐਸਪੀ ਹਰਜੀਤ ਸਿੰਘ ਖੁਦ ਨਿਰੀਖਣ ਲਈ ਪੁੱਜੇ। ਇਸ ਮੌਕੇ ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਮੋਗਾ ਸਾਈਡ ਚੂਹੜਚੱਕ, ਸਿੱਧਵਾਂਬੇਟ ਰੋਡ, ਰਾਏਕੋਟ ਰੋਡ ’ਤੇ ਨਹਿਰ ਅਤੇ ਲੁਧਿਆਣਾ ਅਲੀਗੜ੍ਹ ਦੇ ਨੇੜੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਲਾਕਾ ਨਿਵਾਸੀਆਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਪਰਾਧਿਕ ਕਿਸਮ ਦੇ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਰਹੇ, ਉਸ ਲਈ ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਸਮੇਂ ਸਮੇਂ ਤੇ ਚਲਾਈ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਚੈਕਿੰਗ ਮੁਹਿਮ ਜਾਰੀ ਰਹੇਗੀ।