ਇਟਲੀ ਵਿਖੇ ਹੋਣ ਵਾਲੇ ਵਿਸ਼ਵ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਖੇਡਣ ਲਈ 50 ਹਜ਼ਾਰ ਦੀ ਰਾਸ਼ੀ ਭੇਟ
– ਖੁਸ਼ਪ੍ਰੀਤ ਹੋਰ ਖਿਡਾਰੀਆਂ ਲਈ ਵੀ ਬਣੇਗੀ ਪ੍ਰੇਰਨਾਸ੍ਰੋਤ – ਕੁਲਵੰਤ ਸਿੰਘ ਡਿਪਟੀ ਕਮਿਸ਼ਨਰ
ਮੋਗਾ, 27 ਸਤੰਬਰ (ਕੁਲਵਿੰਦਰ ਸਿੰਘ) – ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਖੁਰਦ (ਨੇੜੇ ਨਿਹਾਲ ਸਿੰਘ ਵਾਲਾ) ਦੀ ਕਰੀਬ 17 ਸਾਲ ਦੀ ਕਿੱਕ ਬਾਕਸਿੰਗ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਕੋਲ ਅੰਤਰਰਾਸ਼ਟਰੀ ਖੇਡ ਮੁਕਾਬਲੇ ਦਾ ਸਾਹਮਣਾ ਕਰਨ ਦੀ ਹੌਂਸਲਾ ਸ਼ਕਤੀ ਤਾਂ ਬਹੁਤ ਹੈ ਪਰ ਕਿਤੇ ਨਾ ਕਿਤੇ ਉਸਦੇ ਆਰਥਿਕ ਪੱਖ ਉਸਦੇ ਵੱਡੀ ਉਡਾਰੀ ਮਾਰਨ ਰਾਹ ਵਿੱਚ ਅੜਿੱਕਾ ਬਣਦੇ ਹਨ। ਹੁਣ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਹੋਣਹਾਰ ਖਿਡਾਰਨ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਲ੍ਹਾ ਮੋਗਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਖੁਸ਼ਪ੍ਰੀਤ ਦੀ ਚੋਣ ਇਟਲੀ ਵਿਖੇ ਹੋਣ ਵਾਲੀ ਵਿਸ਼ਵ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਭਾਰਤੀ ਦਲ ਦੇ ਮੈਂਬਰ ਵਜੋਂ ਹੋਈ ਹੈ। ਇਹ ਚੈਂਪੀਅਨਸ਼ਿਪ 30 ਸਤੰਬਰ ਤੋਂ 9 ਅਕਤੂਬਰ ਤੱਕ ਹੋਣੀ ਹੈ। ਖੁਸ਼ਪ੍ਰੀਤ ਨੇ ਅੰਡਰ 19 ਦੇ -50 ਕਿਲੋ ਗ੍ਰਾਮ ਵਜ਼ਨ ਵਰਗ ਦੇ ਮੁਕਾਬਲੇ ਵਿੱਚ ਭਾਗ ਲੈਣਾ ਹੈ। ਖੁਸ਼ਪ੍ਰੀਤ ਦੇ ਕੋਚ ਗੁਰਚਰਨ ਸਿੰਘ ਅਤੇ ਪਿਤਾ ਜਗਸੀਰ ਸਿੰਘ, ਜੌ ਕਿ ਖੁਦ ਵੀ 1991 ਤੋਂ 1997 ਤੱਕ ਬਾਕਸਿੰਗ ਖੇਡਦੇ ਰਹੇ ਹਨ, ਨੇ ਦੱਸਿਆ ਕਿ ਆਰਥਿਕ ਪੱਖੋਂ ਕਿਸੇ ਪਾਸੇ ਤੋਂ ਕੋਈ ਵੀ ਸਹਾਇਤਾ ਨਾ ਮਿਲਣ ਕਰਕੇ ਉਹ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਨੂੰ ਖਿਡਾਉਣ ਦੇ ਅਸਮਰੱਥ ਹਨ। ਪਰ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਖੁਸ਼ਪ੍ਰੀਤ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਸ਼ਪ੍ਰੀਤ ਨੂੰ ਵਿਸ਼ਵ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਖਿਡਾਰਨ ਹੋਰਨਾਂ ਖਿਡਾਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ। ਉਹਨਾਂ ਤੁਰੰਤ ਖੁਸ਼ਪ੍ਰੀਤ ਨੂੰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਖਾਤੇ ਵਿੱਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਸਦੀ ਹਰ ਸੰਭਵ ਮਦਦ ਕੀਤੀ ਜਾਏਗੀ। ਇਸ ਮੌਕੇ ਐੱਸ ਡੀ ਐੱਮ ਸ੍ਰ ਰਾਮ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਪੀ ਏ ਸ਼੍ਰੀ ਅੰਕਿਤ, ਰੀਡਰ ਸ੍ਰ ਗੁਰਭੇਜ ਸਿੰਘ ਅਤੇ ਹੋਰ ਵੀ ਹਾਜ਼ਰ ਸਨ।