– ਟੂਰ਼ਜ਼ਿਮ ਦੇ ਖੇਤਰ ਵਿੱਚ ਸੰਘੋਲ ਦਾ ਨਾਮ ਮੋਹਰੀ
– ਵਿਸ਼ਵ ਟੂਰਿਜ਼ਮ ਦਿਵਸ ਮੌਕੇ ਸੰਘੋਲ ਵਿਖੇ ਕਰਵਾਇਆ ਸਮਾਗਮ
ਸੰਘੋਲ/ਫ਼ਤਹਿਗੜ੍ਹ ਸਾਹਿਬ, 27 ਸਤੰਬਰ: ( ਜੱਸੀ ਢਿੱਲੋਂ, ਸਤੀਸ਼ ਕੋਹਲੀ) –

ਜ਼ਿਲ੍ਹੇ ਦੇ ਉਚਾ ਪਿੰਡ ਸੰਘੋਲ ਵਿਖੇ ਪ੍ਰਾਚੀਨ ਸੱਭਿਅਤਾ ਨਾਲ ਜੁੜੀਆਂ ਪੁਰਾਤਨ ਵਸਤਾਂ ਨੌਜਵਾਨ ਪੀੜ੍ਹੀ ਲਈ ਇੱਕ ਅਨਮੋਲ ਖਜ਼ਾਨੇ ਵਾਂਗ ਹੈ ਅਤੇ ਇਨ੍ਹਾਂ ਵਸਤਾਂ ਤੋਂ ਪੁਰਾਤਨ ਸਮੇਂ ਦੇ ਮਨੁੱਖ ਦੇ ਰਹੁ ਰੀਤਾਂ ਬਾਰੇ ਪਤਾ ਚੱਲਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਵਿਸ਼ਵ ਟੂਰਿਜ਼ਮ ਦਿਵਸ ਮੌਕੇ ਸੰਘੋਲ ਦੀ ਸਾਈਟ ਨੰ: 5 ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਰਾਤਨ ਕਾਲ ਨਾਲ ਜੁੜੀਆਂ ਇਹ ਵਸਤਾਂ ਉਸ ਸਮੇਂ ਦੇ ਮਨੁੱਖ ਦੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਅਤੇ ਔਰਤਾਂ ਦੇ ਗਹਿਣਿਆਂ ਬਾਰੇ ਵੀ ਚਾਨਣਾਂ ਪਾਉਂਦੀਆਂ ਹਨ ਅਤੇ ਇਹ ਗੱਲ ਇਹ ਸਾਬਤ ਕਰਦੀ ਹੈ ਕਿ ਮਨੁੱਖ ਨੇ ਧਰਤੀ ਤੇ ਆਉਣ ਉਪਰੰਤ ਬਦਲਦੇ ਸਮੇਂ ਨਾਲ ਕਈ ਤਰ੍ਹਾਂ ਦੇ ਬਦਲਾਅ ਅਪਣਾਏ ਜਿਸ ਤਹਿਤ ਅੱਜ ਮਨੁੱਖ ਚੰਦ ਤੇ ਪਹੁੰਚ ਗਿਆ ਹੈ।
ਸ਼੍ਰੀਮਤੀ ਸ਼ੇਰਗਿੱਲ ਨੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਸਮਾਂ ਕੱਢ ਕੇ ਇਸ ਮਹਾਨ ਸੱਭਿਅਤਾ ਦੀਆਂ ਨਿਸ਼ਾਨੀਆਂ ਵੇਖਣ ਜਰੂਰ ਆਓ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਕਾਲ ਬਾਰੇ ਸਟੀਕ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਅਧਿਆਪਕਾਂ ਨੂੰ ਵੀ ਕਿਹਾ ਕਿ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਕਿਉਂਕਿ ਆਪਣੀਆਂ ਜੜ੍ਹਾਂ ਨਾਲ ਜੁੜਿਆ ਵਿਅਕਤੀ ਕਦੇ ਵੀ ਗਲਤ ਰਾਹ ਤੇ ਨਹੀਂ ਜਾ ਸਕਦਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਬਣਾਏ ਮਿੱਟੀ ਦੇ ਬਰਤਨਾਂ ਅਤੇ ਹੋਰ ਸਮੱਗਰੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇੱਕ ਨਾ ਭੁੱਲਣਯੋਗ ਦਿਵਸ ਬਣੇਗਾ ਅਤੇ ਵਿਦਿਆਰਥੀ ਇਸ ਤੋਂ ਬਹੁਤ ਕੁਝ ਸਿੱਖਣਗੇ। ਉਨ੍ਹਾਂ ਇਸ ਮੌਕੇ ਸੰਘੋਲ ਵਿਖੇ ਮਿਲੀਆਂ ਪ੍ਰਾਚੀਨ ਵਸਤਾਂ ਦਾ ਜਾਇਜ਼ਾ ਵੀ ਲਿਆ ਅਤੇ ਲਗਾਏ ਗਏ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਵਿਵੇਕ ਤੇ ਅਸੀਸ ਨੇ ਕਵਿਤਾ ਦੇ ਰੂਪ ਵਿੱਚ ਬਾਂਸਰੀ ਬਾਦਨ ਨਾਲ ਕਹਾਣੀ ਪੇਸ਼ ਕੀਤੀ। ਸੁਨੀਲ ਭੱਟ ਨੇ ਕੱਟ ਪੁਤਲੀ ਸ਼ੋਅ ਪੇਸ਼ ਕੀਤਾ। ਤੇਜਾ ਸਿੰਘ ਐਂਡ ਪਾਰਟੀ ਨੇ ਪੁਰਾਣੇ ਸਾਜ਼ ਤੂੰਬੀ ਤੇ ਅਲਗੋਜ਼ੇ ਨਾਲ ਪੂਰਨ ਭਗਤ ਦਾ ਕਿੱਸਾ ਸੁਣਾਇਆ। ਉਨ੍ਹਾਂ ਸੰਘੋਲ ਦੇ ਪੁਰਾਣੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ ਤੇ ਲੜਕੀਆਂ) ਸੰਘੋਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੋਹਲ, ਐਸ.ਡੀ.ਐਮ. ਖਮਾਣੋਂ ਪਰਨੀਤ ਕਾਲੇਕਾ, ਡੀ.ਡੀ.ਐਫ. ਆਰਜੂ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਸਰਪੰਚ ਰਾਕੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ, ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਅਤੇ ਪਤਵੰਤੇ ਮੌਜੂਦ ਸਨ।