ਪਾਇਲ-15 ਅਗਸਤ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਗੋਆ ਨੂੰ ਅਜ਼ਾਦ ਕਰਵਾਉ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਕਰਨੈਲ ਸਿੰਘ ਈਸੜੂ ਨੂੰ ਉਹਨਾਂ ਦੇ ਜੱਦੀ ਪਿੰਡ ਈਸੜੂ ਜ਼ਿਲ੍ਹਾ ਲੁਧਿਆਣਾ ਵਿਖੇ ਸ਼ਹੀਦ ਦੇ ਬੁੱਤ ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਸੂਬਾ ਆਗੂ ਜਗਤਾਰ ਸਿੰਘ ਚਕੌਹੀ ਨੇ ਕਿਹਾ ਕਿ ਪੁਰਤਗਾਲ ਤੋਂ ਗੋਆ ਨੂੰ ਅਜ਼ਾਦ ਕਰਵਾਉਣ ਵਾਲੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ। ਆਗੂਆਂ ਨੇ ਕਿਹਾ ਕਿ ਸ਼ਹੀਦ ਈਸੜੂ ਨੇ ਬਿਨਾਂ ਕੋਈ ਜਾਤ, ਧਰਮ, ਇਲਾਕਾ ਦੇਖਿਆ ਮਨੁਖਤਾ ਦੇ ਭਲੇ ਲਈ ਗੋਆ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਜਦੋ ਅੱਜ ਦੇਸ਼ ਦੀਆਂ ਹਾਕਮ ਪਾਰਟੀਆਂ ਦੇਸ਼ ਨੂੰ ਫਿਰਕੂ, ਇਲਾਕੇ ਤੇ ਜਾਤ ਪਾਤ ਦੇ ਅਧਾਰ ਤੇ ਵੰਡੀਆਂ ਪਾ ਕੇ ਤੋੜਨਾ ਚਾਹੁੰਦੀਆਂ ਹਨ, ਉਸ ਸਮੇਂ ਸਾਨੂੰ ਕਰਨੈਲ ਸਿੰਘ ਈਸੜੂ ਦੀ ਕੁਰਬਾਨੀ ਤੋ ਸੇਧ ਲੈਕੇ ਮਨੁੱਖਤਾਵਾਦੀ ਫੈਸਲੇ ਕਰਨੇ ਪੈਣਗੇ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 19 ਅਗਸਤ ਨੂੰ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਹੜਾਂ ਕਾਰਨ ਹੋਏ ਨੁਕਸਾਨ ਅਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾ ਦੇ ਹੱਲ ਲਈ ਮੰਗ ਪੱਤਰ ਵੀ ਦਿੱਤੇ ਜਾਣਗੇ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜ਼ੋਰਾਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਸੁਰਜੀਤ ਸਿੰਘ ਸੀਲੋ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਨਸ਼ਿਆਂ ਨੂੰ ਰੋਕਣ ਦੇ ਮਾਮਲੇ ਵਿਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਚਿੱਟੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਰ ਸੂਬਾ ਸਰਕਾਰ ਨਿੱਕੇ ਮੋਟੇ ਨਸ਼ੇ ਦਾ ਸ਼ਿਕਾਰ ਲੋਕਾਂ ਜਾਂ ਹੇਠਲੇ ਪੱਧਰ ਤੇ ਨਸ਼ਾ ਵੇਚਣ ਵਾਲਿਆ ਤੇ ਕਾਰਵਾਈ ਕਰਕੇ ਬੁਤਾ ਸਾਰ ਰਹੀ ਹੈ। ਜਦੋ ਕਿ ਚਿੱਟੇ ਤੇ ਹੋਰ ਨਸ਼ੇ ਦੇ ਵੱਡੇ ਵਪਾਰੀਆਂ ਜਿੰਨਾ ਵਿੱਚ ਕੁੱਝ ਰਾਜਨੀਤਕ, ਪੁਲਿਸ ਦੇ ਵੱਡੇ ਅਧਿਕਾਰੀਆਂ ਤੇ ਸਮਗਲਰਾਂ ਉੱਪਰ ਕਾਰਵਾਈ ਨਹੀ ਹੋ ਰਹੀ। ਉਹਨਾਂ ਕਿਹਾ ਕਿ ਜਿੰਨਾ ਚਿਰ ਵੱਡੇ ਮਗਰਮੱਛ ਕਾਬੂ ਨਹੀਂ ਕੀਤੇ ਜਾਂਦੇ ਉਨਾਂ ਚਿਰ ਨਸ਼ੇ ਦਾ ਖ਼ਾਤਮਾ ਸੰਭਵ ਨਹੀਂ। ਆਗੂਆਂ ਨੇ ਪਿੰਡਾਂ ਵਿੱਚ ਨਸ਼ੇ ਵਿਰੋਧੀ ਬਣ ਰਹੀਆਂ ਕਮੇਟੀਆਂ ਦੀ ਡਟਵੀ ਹਮਾਇਤ ਕਰਦਿਆਂ ਕਿਹਾ ਕਿ ਲੋਕਾ ਨੂੰ ਨਸ਼ੇ ਵੰਡਣ, ਵੇਚਣ ਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਤਿਲਕ ਰਾਜ ਘੁੰਗਰਾਲੀ, ਅਮਰਜੀਤ ਸਿੰਘ ਸਹਿਜਾਦ, ਨੱਛਤਰ ਸਿੰਘ, ਹਰਦਿਆਲ ਸਿੰਘ, ਜਗਪਾਲ ਸਿੰਘ, ਰਣਜੀਤ ਸਿੰਘ ਸਾਇਆ ਆਦਿ ਹਾਜ਼ਰ ਸਨ।