
ਮੋਗਾ, 6 ਦਸੰਬਰ: ( ਕੁਲਵਿੰਦਰ ਸਿੰਘ) -ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਸਾਲ 2022-23 ਲਈ ਸਮਾਜ ਸੇਵਾ ਅਤੇ ਰਾਸ਼ਟਰੀ ਨਿਰਮਾਣ ਵਿੱਚ ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਤੋਂ ਬੈਸਟ ਯੂਥ ਕਲੱਬ ਪੁਰਸਕਾਰ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਹਰ ਸਾਲ ਸਮਾਜ ਸੇਵਾ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਵਾਲੇ ਯੂਥ ਕਲੱਬ ਨੂੰ ਇਨਾਮ ਦਿੱਤਾ ਜਾਂਦਾ ਹੈ ਯੂਥ ਕਲੱਬ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ, ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜ਼ੀਟਲ/ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ ਅਦਿ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਕਮਿ ਤਹਿਤ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਸਮਾਜ ਭਲਾਈ ਅਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਲਈ ਅੱਗੇ ਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਨਾਮ ਲਈ ਯੂਥ ਕਲੱਬ ਵੱਲੋਂ ਇੱਕ ਫਾਰਮ ਜ਼ਿਲ੍ਹਾ ਦਫਤਰ ਤੋਂ ਲੈ ਕੇ ਭਰ ਕੇ ਉਸ ਦੇ ਨਾਲ ਕਲੱਬ ਵੱਲੋਂ ਪਹਿਲੀ ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਕੀਤੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਫੋਟੋਆਂ ਸਮੇਤ ਜਮ੍ਹਾਂ ਕਰਵਾਉਣਾ ਪਵੇਗਾ। ਫਾਈਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਦਸੰਬਰ 2022 ਹੋਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਇਨਾਮ ਵਾਸਤੇ ਅਪਲਾਈ ਕਰਨ ਲਈ ਯੂਥ ਕਲੱਬ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਸਬੰਧਿਤ ਹੋਣਾ ਚਾਹੀਦਾ ਹੈ ਤੇ ਸੁਸਾਇਟੀ ਰਜਿਸ਼ਟ੍ਰੇਸ਼ਨ ਐਕਟ 1860 ਨਾਲ ਰਜਿਸ਼ਟਰਡ ਹੋਣਾ ਜ਼ਰੂਰੀ ਹੈ ਕਲੱਬ ਦੀ ਆਡਿਟ ਰਿਪੋਰਟ ਹੋਣੀ ਲਾਜ਼ਮੀ ਹੈ। ਪਿਛਲੇ ਦੋ ਸਾਲ ਦੌਰਾਨ ਇਨਾਮ ਜਿੱਤਣ ਵਾਲੇ ਕਲੱਬ ਇਸ ਵਿੱਚ ਭਾਗ ਨਹੀਂ ਲੈ ਸਕਦੇ। ਇਸ ਸਕਮਿ ਤਹਿਤ ਤਿੰਨ ਪੱਧਰ ‘ਤੇ ਇਨਾਮ ਦਿੱਤੇ ਜਾਂਦੇ ਹਨ ਜ਼ਿਲ੍ਹਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ 25000 ਰੁਪਏ ਇਨਾਮ ਦਿੱਤਾ ਜਾਂਦਾ ਹੈ। ਜ਼ਿਲ੍ਹਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਜ ਪੱਧਰ ਲਈ ਭੇਜੀ ਜਾਵੇਗੀ, ਜਿੱਥੇ ਪਹਿਲਾ, ਦੂਜਾ ਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 75000, 50000, 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰਾਜ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਸ਼ਟਰੀ ਪੱਧਰ ਲਈ ਭੇਜੀ ਜਾਵੇਗੀ ਅਤੇ ਰਾਸ਼ਟਰੀ ਪੱਧਰ ‘ਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 3 ਲੱਖ, 1 ਲੱਖ, 50000 ਦਾ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਨਹਿਰੂ ਯੁਵਾ ਕੇਂਦਰ ਮੋਗਾ ਨਿਊ ਦਸ਼ਮੇਸ਼ ਨਗਰ ਮਕਾਨ ਨੰ. 1903 ਗਲੀ ਨੰ. 8 ਬੀ, ਨਜ਼ਦੀਕ ਮਾਈਕਰੋਸੇਜ਼ ਕੰਪਿਊਟਰ ਸੈਂਟਰ ਅਮ੍ਰਿੰਤਸਰ ਰੋਡ, ਮੋਗਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।