ਲੁਧਿਆਣਾ 6 ਦਸੰਬਰ ( ਵਿਕਾਸ ਮਠਾੜੂ, ਮੋਹਿਤ ਜੈਨ) -ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਕੱਲ੍ਹ ਕੈਨੇਡੀਅਨ ਪੰਜਾਬੀ ਕਵੀ ਮਹਿੰਦਰਪਾਲ ਸਿੰਘ ਪਾਲ ਦੀ ਕਾਵਿ ਪੁਸਤਕ ਤ੍ਰਿਵੈਣੀ ਉਨ੍ਹਾਂ ਦੀ ਵੱਡੀ ਭੈਣ ਮਨਜੀਤ ਕੌਰ ਪੱਡਾ (ਯੂ ਕੇ)ਦੀ ਅਗਵਾਈ ਵਿੱਚ ਲੋਕ ਅਰਪਣ ਕਰਵਾਈ ਗਈ।ਪੁਸਤਕ ਲੋਕ ਅਰਪਨ ਕਰਦਿਆਂ ਸ਼੍ਰੀ ਮਤੀ ਮਨਜੀਤ ਪੱਡਾ ਨੇ ਦੱਸਿਆ ਕਿ1970 ਵਿੱਚ ਉਨ੍ਹਾਂ ਦਾ ਪਰਿਵਾਰ ਆਪਣੇ ਬਾਪ ਤੇ ਪ੍ਰਸਿੱਧ ਪੰਜਾਬੀ ਕਵੀ ਸਃ ਬਿਸ਼ੰਭਰ ਸਿੰਘ ਸਾਕੀ ਨਾਲ ਯੂ ਕੇ ਜਾ ਵੱਸਿਆ ਸੀ। ਪਰਿਵਾਰ ਦਾ ਮਾਹੌਲ ਸਾਹਿੱਤਕ ਹੋਣ ਕਾਰਨ ਉਹ ਤੇ ਨਿੱਕਾ ਵੀਰ ਮਹਿੰਦਰਪਾਲ ਸਿੰਘ ਪਾਲ ਕਵਿਤਾ ਲਿਖਣ ਲੱਗ ਪਏ। 1983 ਚ ਮਹਿੰਦਰਪਾਲ ਕੈਲਗਰੀ(ਕੈਨੇਡਾ ) ਜਾ ਵੱਸਿਆ ਤੇ ਉੰਥੋਂ ਦੀ ਸਾਹਿੱਤ ਸਭਾ ਵਿੱਚ ਸਰਗਰਮ ਹੋ ਗਿਆ। ਹੁਣ ਉਹ ਸਰੀ ਰਹਿੰਦਾ ਹੈ।ਤ੍ਰਿਵੈਣੀ ਦੇ ਲੇਖਕ ਮਹਿੰਦਰਪਾਲ ਸਿੰਘ ਪਾਲ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਪੰਦਰਾਂ ਸੋਲਾਂ ਸਾਲ ਤੋਂ ਉਹ ਮੇਰੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਦੀ ਗ਼ਜ਼ਲ ਪੁਸਤਕ ਨਵ ਤਰੰਗ ਨੂੰ ਕੈਲਗਰੀ ਵਿਖੇ ਮੈਂ ਹੀ ਲੋਕ ਅਰਪਨ ਕੀਤਾ ਸੀ। 2003 ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਨਵੇਂ ਸਵੇਰੇ ਨਵੀਆਂ ਮਹਿਕਾਂ ਮਗਰੋਂ 2008 ਵਿੱਚ ਖ਼ਾਮੋਸ਼ੀਆਂ,2011 ਵਿੱਚ ਆਲ੍ਹਣਾ ਤੇ 2015 ਵਿੱਚ ਨਵ ਤਰੰਗ ਛਪ ਚੁਕੀਆਂ ਹਨ। ਇਸ ਵਿੱਚ ਉਨ੍ਹਾਂ ਦੀਆਂ ਗ਼ਜ਼ਲਾਂ, ਕਵਿਤਾਵਾਂ ਤੇ ਰੁਬਾਈਆਂ ਅੰਕਿਤ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਖ਼ੂਬਸੂਰਤ ਅੰਦਾਜ਼ ਵਿੱਚ ਛਪੀ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ।ਪੁਸਤਕ ਬਾਰੇ ਬੋਲਦਿਆਂ ਪ੍ਰੋ ਰਵਿੰਦਰ ਭੱਠਲ ਨੇ ਕਿਹਾ ਕਿ ਮਹਿੰਦਰਪਾਲ ਸਿੰਘ ਪਾਲ ਸਾਂਝੀਵਾਲਤਾ ਦੇ ਸੁਪਨਿਆਂ ਦਾ ਸ਼ਾਇਰ ਹੈ। ਜ਼ੁਲਮ ਦੇ ਖ਼ਿਲਾਫ਼ ਕਲਮ ਨੂੰ ਹਥਿਆਰ ਵਾਂਗ ਵਰਤਣ ਦਾ ਹਮਾਇਤੀ ਹੈ।ਉੱਘੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਵੀ ਮਹਿੰਦਰਪਾਲ ਸਿੰਘ ਪਾਲ ਜੀ ਦੀ ਕਾਵਿ ਪੁਸਤਕ ਤ੍ਰਿਵੈਣੀ ਪ੍ਰਕਾਸ਼ਿਤ ਹੋਣ ਤੇ ਮੁਬਾਰਕ ਦਿੱਤੀ। ਸਃ ਪਾਲ ਦੇ ਨਜ਼ਦੀਕੀ ਰਿਸ਼ਤੇਦਾਰ ਬੀਬੀ ਬਲਵਿੰਦਰ ਕੌਰ ਸੋਹਾਣਾ , ਡਾਃ ਸੁਰਿੰਦਰ ਕੌਰ ਭੱਠਲ ਤੇ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਹਾਜ਼ਰ ਸਨ।