ਜਗਰਾਉਂ, 23 ਸਤੰਬਰ ( ਅਸ਼ਵਨੀ )- ਮੋਬਾਈਲ ਫ਼ੋਨ ਅਤੇ ਲੈਪਟਾਪ ਦੇਣ ਦੇਣ ਦਾ ਝਾਂਸਾ ਦੇ ਕੇ ਔਨਲਾਇਨ ਬੈਂਕ ਖਾਤੇ ਵਿੱਚ 3 ਲੱਖ ਰੁਪਏ ਜਮ੍ਹਾਂ ਕਰਵਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਕਰਨਾਟਕ ਅਤੇ ਬੰਗਾਲ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਗਾਲਿਬ ਕਲਾਂ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਇਕ ਔਰਤ ਅਤੇ ਉਸ ਦੇ ਦੋ ਸਾਥੀ ਉਸ ਨੂੰ ਸਸਤੇ ਭਾਅ ਤੇ ਮੋਬਾਇਲ ਫੋਨ ਅਤੇ ਲੈਪਟਾਪ ਦੇਣ ਦੇ ਬਹਾਨੇ ਆਨਲਾਈਨ ਉਸ ਦੇ ਸੰਪਰਕ ’ਚ ਆਏ। ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਸਸਤੇ ਭਾਅ ’ਤੇ ਇਲੈਕਟ੍ਰਾਨਿਕ ਸਮਾਨ ਸਪਲਾਈ ਕਰਦੇ ਹਨ। ਉਨ੍ਹਾਂ ਨੇ ਉਸ ਨੂੰ ਲੈਪਟਾਪ ਅਤੇ ਮੋਬਾਈਲ ਫੋਨ ਸਪਲਾਈ ਕਰਨ ਦਾ ਝਾਂਸਾ ਦੇ ਕੇ ਬੈਂਕ ਖਾਤੇ ਵਿੱਚ 3 ਲੱਖ ਰੁਪਏ ਜਮ੍ਹਾ ਕਰਵਾ ਲਏ । ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕੋਈ ਮੋਬਾਈਲ ਫੋਨ ਜਾਂ ਲੈਪਟਾਪ ਨਹੀਂ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਉਸ ਵੱਲੋਂ ਦਿੱਤੇ ਫ਼ੋਨ ਬੰਦ ਹੋ ਗਏ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਗੁਰਵਿੰਦਰ ਸਿੰਘ ਸਪੈਸ਼ਲ ਬ੍ਰਾਂਚ ਅਤੇ ਟਰੈਫਿਕ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਮਮਤਾ ਬੀ ਵਾਸੀ ਮਰਨੇਗੇਰੇ ਗੋਲਰਹਾਟੀ, ਗੋਦਾਗੇਡੇ ਜ਼ਿਲ੍ਹਾ ਤੁਮਕੁਰ ਕਰਨਾਟਕ, ਰਾਜੇਸ਼ ਗਰਾਈ ਵਾਸੀ ਜੀਤਰਪੁਰ ਸਲੀਕੋਨਾ, ਹੰਗਲੀ ਪੱਛਮੀ ਬੰਗਾਲ ਅਤੇ ਸੁਰਜੀਤ ਮੰਡਲ ਵਾਸੀ ਨਬਾਪਲੀ, ਸਾਲਟ ਲੇਕ ਵਿਧਾਨ ਨਗਰ ਨੋਭੰਗਾ ਪੱਛਮੀ ਬੰਗਾਲ ਦੇ ਖਿਲਾਫ ਧੋਖਾਧੜੀ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।